ਜੰਡ ਦਾ ਦਰਖ਼ਤ ਯਾਦ ਕਰਵਾਉਂਦਾ ਹੈ 1921 ਦਾ ਸਾਕਾ
ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਅਸਥਾਨ ਹੈ ਜਿੱਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ।
ਅੰਮ੍ਰਿਤਸਰ: ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਚ ਸ਼ਹੀਦ ਸਿੰਘਾਂ ਦੀ ਯਾਦ ਵਿਚ ਮੌਜੂਦ ਇਕ ਜੰਡ ਦੇ ਦਰਖ਼ਤ ਦੇ ਦਰਸ਼ਨ ਕਰ ਕੇ 20 ਫਰਵਰੀ ਦੇ ਸਾਕੇ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਅਤੇ ਇਸ ਦੇ ਇਤਿਹਾਸ ਨੂੰ ਪੜ੍ਹ ਕੇ ਅੱਖਾਂ ਵੀ ਨਮ ਹੋ ਜਾਂਦੀਆਂ ਹਨ।
ਇਸ ਸਬੰਧ ਵਿਚ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਚ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਮਹੰਤਾਂ ਨੇ ਅੰਗਰੇਜ਼ਾਂ ਨਾਲ ਮਿਲੀਭਗਤ ਕਰ ਕੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੇ ਕਬਜ਼ਾ ਕਰ ਕੇ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਦੇ ਨਾਲ ਆਉਣ ਵਾਲੇ ਯਾਤਰੀਆਂ ਨਾਲ ਵੀ ਬੇਹੱਦ ਬਦਸਲੂਕੀ ਕੀਤੀ ਜਾਣ ਲੱਗੀ।
ਇਸ ਦੀ ਜਦੋਂ ਸਿੱਖਾਂ ਨੂੰ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਹਿੰਦੂ ਮਹੰਤਾਂ ਨੂੰ ਕਬਜ਼ੇ ਵਿਚੋਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਫ਼ੈਸਲਾ ਕੀਤਾ। 20 ਫਰਵਰੀ 1921 ਨੂੰ ਜਥੇਦਾਰ ਲਛਮਣ ਸਿੰਘ 200 ਨਿਹੱਥੇ ਸਿੰਘਾਂ ਦੇ ਜੱਥੇ ਦੇ ਨਾਲ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਹੁੰਚੇ ਅਤੇ ਹਿੰਦੂ ਮਹੰਤ ਨਾਰਾਇਣ ਦਾਸ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਹੋਣ ਨੂੰ ਕਿਹਾ।
ਪਹਿਲਾਂ ਤੋਂ ਤਿਆਰੀ ਵਿਚ ਬੈਠੇ ਮਹੰਤ ਨੇ ਗੁਰਦੁਆਰਾ ਸਾਹਿਬ ਦਾ ਕਬਜ਼ਾ ਦੇਣ ਤੋਂ ਇਨਕਾਰ ਕਰ ਨਿਹੱਥੇ ਸਿੰਘਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ। ਉੱਥੇ ਹੀ ਜਥੇਦਾਰ ਲਛਮਣ ਸਿੰਘ ਨੂੰ ਜੰਡ ਦੇ ਦਰਖ਼ਤ ਨਾਲ ਉਲਟਾ ਲਟਕਾ ਕੇ ਜਿਊਂਦੇ ਨੂੰ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਿੱਖਾਂ ਨੇ ਵੱਡਾ ਸੰਘਰਸ਼ ਕਰਦੇ ਹੋਏ ਸ਼ਹਾਦਤਾਂ ਦੇ ਕੇ ਗੁਰੂਧਾਮ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਸੀ।
ਦਸ ਦਈਏ ਕਿ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਅਸਥਾਨ ਹੈ ਜਿੱਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ। ਗੁਰੂ ਸਾਹਿਬ ਗੁਰੂ ਸਾਹਿਬ ਜੀ ਦੇ ਆਗਮਨ ਸਮੇਂ ਇਹ ਨਗਰ ਰਾਏ ਭੋਇ ਦੀ ਤਲਵੰਡੀ ਕਰ ਕੇ ਜਾਣਿਆ ਜਾਂਦਾ ਸੀ। ਗੁਰੂ ਸਾਹਿਬ ਦੇ ਮੁਬਾਰਕ ਪ੍ਰਕਾਸ਼ ਤੋਂ ਬਾਅਦ ਇਸ ਦਾ ਨਾਮ ਸ਼੍ਰੀ ਨਨਕਾਣਾ ਸਾਹਿਬ ਕਰ ਕੇ ਮਸ਼ਹੂਰ ਹੋਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।