ਦੀਵਾਲੀ 'ਤੇ ਵੀ ਚੜ੍ਹਿਆ ਕਿਸਾਨੀ ਸੰਘਰਸ਼ੀ ਰੰਗ, ਕਾਲੀਆਂ ਝੰਡੀਆਂ ਲਾ ਕੇ ਫੂਕੇ ਜਾਣਗੇ ਕੇਂਦਰ ਦੇ ਪੁਤਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਦੀ ਨੀਅਤ ਅਤੇ ਨੀਤੀ 'ਤੇ ਕਿਸਾਨ ਜਥੇਬੰਦੀਆਂ ਨੇ ਉਠਾਏ ਸਵਾਲ

Farmers Protest

ਚੰਡੀਗੜ੍ਹ : ਪੰਜਾਬ ਦੀ ਫਿਜ਼ਾ 'ਚ ਚਾਰੇ ਪਾਸੇ ਕਿਸਾਨੀ ਸੰਘਰਸ਼ ਦੇ ਤਰਾਨੇ ਗੂੰਜ ਰਹੇ ਹਨ। ਇਸ ਦਾ ਅਸਰ ਹੁਣ ਸਮਾਜਕ ਸਮਾਗਮਾਂ ਤੋਂ ਇਲਾਵਾ ਤਿੱਥ-ਤਿਉਹਾਰਾਂ 'ਤੇ ਵੀ ਪੈਣ ਲੱਗਾ ਹੈ। ਵਿਆਹ ਸਮਾਗਮਾਂ 'ਤੇ ਵੀ ਕਿਸਾਨੀ ਸੰਘਰਸ਼ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਮਨਾਏ ਗਏ ਦੁਸ਼ਹਿਰੇ ਮੌਕੇ ਰਾਵਣ ਦੇ ਪੁਤਲਿਆਂ ਤੋਂ ਜ਼ਿਆਦਾ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ ਸਨ। ਇਸ ਤੋਂ ਚਿੜ ਕੇ ਭਾਵੇਂ ਕੇਂਦਰ ਸਰਕਾਰ ਪੰਜਾਬੀਆਂ ਨੂੰ ਸਬਕ ਸਿਖਾਉਣ ਦੇ ਰਾਹ ਪਈ ਹੋਈ ਹੈ, ਪਰ ਕੇਂਦਰ ਸਰਕਾਰ ਜਿਉਂ ਜਿਉਂ ਸਖ਼ਤੀ ਵਧਾ ਰਹੀ ਹੈ, ਕਿਸਾਨੀ ਸੰਘਰਸ਼ ਦੀ ਲੋਅ ਵੀ ਉਨੀ ਹੀ ਪ੍ਰਚੰਡ ਹੁੰਦੀ ਜਾ ਰਹੀ ਹੈ।

ਦੁਸ਼ਹਿਰੇ ਤੋਂ ਬਾਅਦ ਹੁਣ ਦੀਵਾਲੀ 'ਤੇ ਵੀ ਸੰਘਰਸ਼ੀ ਰੰਗ ਚੜ੍ਹਣ ਲੱਗਾ ਹੈ। ਕੇਂਦਰ ਨੇ ਪੰਜਾਬ ਅੰਦਰ ਰੇਲਾਂ ਚਲਾਉਣ 'ਤੇ 12 ਨਵੰਬਰ ਤਕ ਰੋਕ ਲਗਾ ਦਿਤੀ ਹੈ। ਕੇਂਦਰ ਦੇ ਤਾਜ਼ਾ ਵਤੀਰੇ ਮੁਤਾਬਕ ਹੁਣ ਦੀਵਾਲੀ ਤੋਂ ਪਹਿਲਾਂ ਰੇਲਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਅੰਦਰ ਕੋਲੇ ਦੀ ਕਮੀ ਕਾਰਨ ਬਲੈਕ ਆਊਟ ਹੋਣ ਦਾ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਕੇਂਦਰ ਦੇ ਤਾਜ਼ਾ ਕਦਮ ਰੋਸ਼ਨੀ ਦੇ ਤਿਉਹਾਰ ਦੀਵਾਲੀ ਮੌਕੇ ਪੰਜਾਬ ਦੀ ਬੱਤੀ ਗੁਲ ਕਰਨ ਵਾਲੇ ਹਨ।

ਇਸ ਨੂੰ ਭਾਂਪਦਿਆਂ ਕਿਸਾਨ ਜਥੇਬੰਦੀਆਂ ਨੇ ਵੀ ਕਮਰਕੱਸ ਲਈ ਹੈ। ਕਿਸਾਨ ਜਥੇਬੰਦੀਆਂ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰ ਦਿਤਾ ਹੈ। ਕਿਸਾਨਾਂ ਵਲੋਂ ਕੀਤੇ ਤਾਜ਼ਾ ਐਲਾਨ ਮੁਤਾਬਕ 14 ਨਵੰਬਰ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਕਾਲੀ ਦੀਵਾਲੀ ਮਨਾਉਂਦਿਆਂ ਘਰਾਂ ਉੱਤੇ ਕਾਲੀਆਂ ਝੰਡੀਆਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ 1000 ਤੋਂ ਵੱਧ ਪਿੰਡਾਂ ਵਿਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਕਿਸਾਨਾਂ ਮੁਤਾਬਕ ਕੇਂਦਰ ਸਰਕਾਰ ਜਾਣਬੁਝ ਕੇ ਰੇਲਾਂ ਚਲਾਉਣ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜ ਰਹੀ ਹੈ। ਰੇਲਵੇ ਦਾ ਕਹਿਣਾ ਹੈ ਕਿ ਉਹ ਇਕੱਲੀਆਂ ਮਾਲ ਗੱਡੀਆਂ ਨਹੀਂ ਚਲਾ ਸਕਦੇ ਜਦਕਿ ਕਰੋਨਾ ਕਾਲ ਦੌਰਾਨ ਕੇਵਲ ਮਾਲ ਗੱਡੀਆਂ ਹੀ ਚਲਦੀਆਂ ਰਹੀਆਂ ਹਨ। ਜੇਕਰ ਉਸ ਸਮੇਂ ਯਾਤਰੂ ਗੱਡੀਆਂ ਦੇ ਬੰਦ ਹੋਣ ਦੇ ਬਾਵਜੂਦ ਮਾਲ ਗੱਡੀਆਂ ਚੱਲ ਸਕਦੀਆਂ ਸਨ ਤਾਂ ਹੁਣ ਕਿਉਂ ਨਹੀਂ ਚੱਲ ਸਕਦੀਆਂ? ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਬਦਨੀਤੀ ਤਹਿਤ ਮਾਲ ਗੱਡੀਆਂ ਨੂੰ ਯਾਤਰੂ ਗੱਡੀਆਂ ਨਾਲ ਜੋੜ ਰਹੀ ਹੈ।

ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਅੰਦਰ ਤਕਰੀਬਨ ਸਾਰੇ ਰੇਲਵੇ ਟਰੈਕ ਖ਼ਾਲੀ ਕਰ ਦਿਤੇ ਗਏ ਹਨ। ਪੰਜਾਬ ਦੇ ਸੰਸਦ ਮੈਂਬਰਾਂ ਦੀ ਰੇਲਵੇ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਹੋ ਚੁੱਕੀ ਹੈ। ਗ੍ਰਹਿ ਮੰਤਰੀ ਨਾਲ ਚੰਗੇ ਮਾਹੌਲ 'ਚ ਹੋਈ ਗੱਲਬਾਤ ਤੋਂ ਬਾਅਦ ਰੇਲਾਂ ਚੱਲਣ ਦੀ ਉਮੀਦ ਜਾਗੀ ਸੀ, ਪਰ ਹੁਣ 12 ਨਵੰਬਰ ਤਕ ਰੋਕ ਜਾਰੀ ਰੱਖਣ ਦੇ ਐਲਾਨ ਬਾਅਦ ਮਾਮਲਾ ਖਟਾਈ 'ਚ ਪੈਂਦਾ ਵਿਖਾਈ ਦੇ ਰਿਹਾ ਹੈ। ਰੇਲਵੇ ਵਲੋਂ ਰੇਲਾਂ ਚਲਾਉਣ ਲਈ ਸਰਗਰਮੀ ਦਿਖਾਉਣ ਬਾਅਦ ਇਕਦਮ ਇਨਕਾਰ ਕਰਨ 'ਤੇ ਵੀ ਸਵਾਲ ਉਠ ਰਹੇ ਹਨ। ਕੇਂਦਰ ਦੀ ਨੀਅਤ ਕੀ ਹੈ, ਇਹ ਤਾਂ ਭਾਵੇਂ ਆਉਂਦੇ ਦਿਨਾਂ 'ਚ ਸਪੱਸ਼ਟ ਹੋ ਸਕੇਗਾ ਪਰ ਕੇਂਦਰ ਵਲੋਂ ਕਿਸਾਨਾਂ ਦਾ ਇਮਤਿਹਾਨ ਲੈਣ ਵਾਲਾ ਵਤੀਰਾ ਪੰਜਾਬ ਦੇ ਮਾਹੌਲ ਨੂੰ ਉਲਟ ਪਾਸੇ ਲਿਜਾਣ ਦਾ ਕਾਰਨ ਬਣ ਸਕਦਾ ਹੈ, ਜਿਸ ਤੋਂ ਬਚਣ ਦੀ ਲੋੜ ਹੈ।