ਭਾਜਪਾ ਆਗੂ ਸੁਰਜੀਤ ਜਿਆਣੀ ਦੀ ਰਖਿਆ ਮੰਤਰੀ ਤੇ ਖੇਤੀ ਮੰਤਰੀ ਨਾਲ ਮੀਟਿੰਗ, ਪੰਜਾਬ ਦਾ ਪੱਖ ਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੀਵਾਲੀ ਤੋਂ ਬਾਅਦ ਕੇਂਦਰੀ ਮੰਤਰੀ ਕਰਨਗੇ ਕਿਸਾਨਾਂ ਨਾਲ ਮੁਲਾਕਾਤ

Surjit Jayani

ਚੰਡੀਗੜ੍ਹ : ਬੀਤੇ ਦਿਨੀਂ ਖੇਤੀਬਾੜੀ ਕਾਨੂੰਨਾਂ ਅਤੇ ਪੰਜਾਬ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਬੇਬਾਕ ਟਿਪਣੀਆਂ ਕਰਨ ਵਾਲੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਜਿਆਣੀ ਨੇ ਅੱਜ ਹਾਈਕਮਾਨ ਦੇ ਸੱਦੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਪੰਜਾਬ ਦਾ ਪੱਖ ਮੰਤਰੀਆਂ ਸਾਹਮਣੇ ਰਖਿਆ। ਇਸ ਵੇਲੇ ਉਨ੍ਹਾਂ ਨਾਲ ਭਾਜਪਾ ਆਗੂ ਹਰਜੀਤ ਗਰੇਵਾਲ ਅਤੇ ਵਿਕਰਮਜੀਤ ਚੀਮਾ ਵੀ ਮੌਜੂਦ ਰਹੇ।

ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਚੱਲ ਰਹੇ ਰੇੜਕੇ ਦਰਮਿਆਨ ਕਿਸਾਨਾਂ ਦਾ ਮੁੱਦਾ ਚੁੱਕਣ 'ਤੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵਲੋਂ ਕੇਂਦਰ 'ਤੇ ਕੀਤੇ ਸਿੱਧੇ ਵਾਰ ਦਾ ਅਸਰ ਦਿਖਾਈ ਦੇ ਰਿਹਾ ਹੈ ਜਿਸ ਦੇ ਚਲਦੇ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਜਿਆਣੀ ਨਾਲ ਅੱਜ ਦਿੱਲੀ 'ਚ ਮੀਟਿੰਗ ਕੀਤੀ ਗਈ।

ਇਸ ਬਾਰੇ ਸੁਰਜੀਤ ਕੁਮਾਰ ਜਿਆਣੀ ਨੇ ਦਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੂੰ ਕਿਸਾਨਾਂ ਨਾਲ ਜਲਦ ਹੀ ਮੁਲਾਕਾਤ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਬਹੁਤ ਜਲਦੀ ਕੱਢ ਲਿਆ ਜਾਵੇਗਾ। ਜਿਆਣੀ ਨੇ ਕਿਹਾ ਕਿ ਵੱਡੇ ਤੋਂ ਵੱਡੇ ਮਸਲੇ ਦਾ ਹੱਲ ਬੈਠ ਕੇ ਗੱਲਬਾਤ ਰਾਹੀਂ ਹੀ ਕੀਤਾ ਜਾ ਸਕਦਾ ਹੈ ਅਤੇ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨਾਲ ਦੀਵਾਲੀ ਤੋਂ ਬਾਅਦ ਮੁਲਾਕਾਤ ਕਰਨ ਦਾ ਭਰੋਸਾ ਦਿਤਾ ਹੈ।

ਜਿਆਣੀ ਨੇ ਕਿਹਾ ਕਿ ਉਨ੍ਹਾਂ ਰਾਜਨਾਥ ਸਿੰਘ ਦੀ ਕਿਸਾਨ ਆਗੂਆਂ ਨਾਲ ਬਕਾਇਦਾ ਗੱਲਬਾਤ ਵੀ ਕਰਵਾਈ ਹੈ ਤੇ ਕਿਸਾਨ ਆਗੂ ਵੀ ਗੱਲਬਾਤ ਲਈ ਸਹਿਮਤ ਹਨ। ਕਾਬਲੇਗੌਰ ਹੈ ਕਿ ਬੀਤੇ ਦਿਨੀਂ ਜਿਆਣੀ ਨੇ ਇਕ ਟੀ ਵੀ ਚੈਨਲ 'ਤੇ ਕੇਂਦਰ ਵਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ 'ਤੇ ਨਾਰਾਜ਼ਗੀ ਪ੍ਰਗਟਾਈ ਸੀ ਤੇ ਬਿਨਾਂ ਨਾਮ ਲਏ ਕਿਹਾ ਸੀ ਕਿ ਕੁੱਝ ਚਮਚਾ ਕਿਸਮ ਦੇ ਲੋਕ ਕੇਂਦਰ ਨੂੰ ਗ਼ਲਤ ਰਿਪੋਰਟ ਦੇ ਰਹੇ ਹਨ। ਜਿਆਣੀ ਦੀ ਇਸ ਗੱਲਬਾਤ ਤੋਂ ਬਾਅਦ ਜਿੱਥੇ ਵਿਰੋਧੀਆਂ ਨੂੰ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਣਾ ਸ਼ੁਰੂ ਕਰ ਦਿਤਾ ਸੀ ਉਥੇ ਹੀ ਭਾਜਪਾ ਹਾਈਕਮਾਨ ਨੇ ਵੀ ਉਨ੍ਹਾਂ ਦੀ ਗੱਲਬਾਤ ਨੋਟਿਸ ਲਿਆ ਸੀ ਤੇ ਉਨ੍ਹਾਂ ਨੂੰ ਗੱਲਬਾਤ ਲਈ ਦਿੱਲੀ ਬੁਲਾਇਆ ਗਿਆ।

ਜਿਆਣੀ ਸ਼ੁਰੂ ਤੋਂ ਹੀ ਵਿਚ-ਵਿਚਾਲੇ ਦਾ ਰਸਤਾ ਲੱਭਣ ਦੇ ਹਾਮੀ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਦੇ ਦਿੱਲੀ ਤੋਂ ਖੁਸ਼ ਹੋ ਕੇ ਆਉਣ ਦੀ ਭਵਿੱਖਬਾਣੀ ਵੀ ਕੀਤੀ ਸੀ ਜੋ ਕਿਸਾਨਾਂ ਦੀ ਬੇਰੰਗ ਵਾਪਸੀ ਨਾਲ ਗਲਤ ਸਾਬਤ ਹੋਈ ਸੀ। ਜਿਆਣੀ ਦੇ ਹਾਲੀਆਂ ਕਦਮਾਂ ਤੋਂ ਬਾਅਦ ਕਿਸਾਨਾਂ ਅਤੇ ਕੇਂਦਰ ਵਿਚਾਲੇ ਗੱਲਬਾਤ ਹੋਣ ਦੇ ਅਸਾਰ ਬਣ ਗਏ ਹਨ। ਇਸ ਤੋਂ ਪਹਿਲਾਂ ਕੇਂਦਰ ਸਮੇਤ ਪੰਜਾਬ ਨਾਲ ਸਬੰਧਤ ਭਾਜਪਾ ਆਗੂਆਂ ਦਾ ਸਾਰਾ ਜ਼ੋਰ ਖੇਤੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ 'ਤੇ ਲੱਗਾ ਹੋਇਆ ਸੀ। ਜਿਆਣੀ ਤੋਂ ਬਾਅਦ ਹੋਰ ਆਗੂਆਂ ਦੇ ਇਸੇ ਰਸਤੇ 'ਤੇ ਚੱਲਣ ਦੇ ਖ਼ਤਰੇ ਨੂੰ ਭਾਂਪਦਿਆਂ ਹਾਈ ਕਮਾਡ ਨੇ ਜਿਆਣੀ ਨੂੰ ਮਿਲਣ ਦਾ ਕਾਹਲ ਕੀਤੀ ਹੈ। ਸੂਤਰਾਂ ਮੁਤਾਬਕ ਅੰਦਰਖਾਤੇ ਪੰਜਾਬ ਭਾਜਪਾ ਦੇ ਸਾਰੇ ਆਗੂ ਕੇਂਦਰ ਦੇ ਅੜੀਅਲ ਵਤੀਰੇ ਨੂੰ ਲੈ ਕੇ ਔਖ ਮਹਿਸੂਸ ਕਰ ਰਹੇ ਹਨ। ਪੇਂਡੂ ਇਲਾਕਿਆਂ ਨਾਲ ਸਬੰਧਤ ਭਾਜਪਾ ਆਗੂਆਂ ਦੇ ਅਸਤੀਫਿਆਂ ਤੋਂਂ ਬਾਅਦ ਜਿਆਣੀ ਦੇ ਹਾਲੀਆਂ ਕਦਮ ਕੇਂਦਰ ਨੂੰ ਗੱਲਬਾਤ ਦੀ ਮੇਜ 'ਤੇ ਆਉਣ ਲਈ ਮਜ਼ਬੂਰ ਕਰ ਸਕਦੇ ਹਨ।