ਪਰਾਲੀ ਅਤੇ ਪਟਾਕਿਆਂ ਬਾਰੇ ਵੱਖਰੇ ਸਟੈਂਡਾਂ ਕਾਰਨ ਘਿਰੇ ਕੈਪਟਨ, ਕਿਸਾਨਾਂ ਨੇ ਚਿੱਠੀ ਲਿਖ ਪੁੱਛੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਜੇਕਰ ਪਰਾਲੀ ਸਾੜਣ ਨਾਲ ਪ੍ਰਦੂਸ਼ਣ ਹੋ ਸਕਦੈ ਤਾਂ ਪਟਾਕਿਆਂ ਨਾਲ ਕਿਉਂ ਨਹੀਂ

Capt Amrinder Singh

ਚੰਡੀਗੜ੍ਹ: ਪਟਾਕਿਆਂ ‘ਤੇ ਪਾਬੰਦੀ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਏ ਗਏ ਸਟੈਂਡ ‘ਤੇ ਸਵਾਲ ਉਠਣ ਲੱਗੇ ਹਨ। ਪੰਜਾਬ ਸਰਕਾਰ ਨੇ ਪੰਜਾਬ ਅੰਦਰ ਪਟਾਕਿਆਂ ‘ਤੇ ਪਾਬੰਦੀ ਲਾਉਣ ਦੀ ਲੋੜ ਨਾ ਹੋਣ ਦੀ ਗੱਲ ਕਹੀ ਹੈ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਕਈ ਸੂਬੇ ਕਰੋਨਾ ਮਹਾਮਾਰੀ ਨੂੰ ਵੇਖਦਿਆਂ ਪਟਾਕਿਆਂ ‘ਤੇ ਪਾਬੰਦੀ ਲਗਾ ਚੁਕੇ ਹਨ।

ਇਸ ਨੂੰ ਲੈ ਕੇ ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਸਰਕਾਰ ਕਦਮ ‘ਤੇ ਸਵਾਲ ਉਠਾਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪਰਾਲੀ ਨੂੰ ਅੱਗ ਲਾਉਣ ਨਾਲ ਪ੍ਰਦੂਸ਼ਣ ਹੁੰਦਾ ਹੈ, ਪਰ ਪਟਾਕਿਆਂ ਦੇ ਧੂੰਏ ਨਾਲ ਕਿਉਂ ਨਹੀਂ ਹੁੰਦਾ? ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ 'ਤੇ ਜੁਰਮਾਨਾ ਵਸੂਲਿਆ ਜਾਂਦਾ ਹੈ, ਪਰ ਪਟਾਕਿਆਂ ਦੀ ਵਿਕਰੀ 'ਤੇ ਕੋਈ ਰੋਕ ਕਿਉਂ ਨਹੀਂ?  ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖਦਿਆਂ ਸੂਬੇ ਅੰਦਰ ਪਟਾਕੇ ਚਲਾਉਣ ਵਾਲਿਆਂ ‘ਤੇ ਮੁਕੰਮਲ ਪਾਬੰਦੀ ਜਾਰੀ ਕਰਨ ਅਪੀਲ ਕੀਤੀ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਮੁਤਾਬਕ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਜਦੋਂ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਹੈ ਤਾਂ ਪਟਾਕੇ ਵੀ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਜਦੋਂ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਹੈ ਅਤੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ, ਤਦ ਪਟਾਕੇ ਵੀ ਭਾਰੀ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ, ਜਿਸ ਲਈ ਸਰਕਾਰ ਨਿਰਮਾਣ ਤੇ ਵੇਚਣ ਦੇ ਲਾਇਸੈਂਸ ਦੇ ਬਦਲੇ ਵਿਕਰੇਤਾਵਾਂ ਕੋਲੋਂ ਲੱਖਾਂ ਰੁਪਏ ਵਸੂਲਦੀ ਹੈ।

ਕਿਸਾਨ ਜਥੇਬੰਦੀਆਂ ਨੇ ਕਿਹਾ, ਕੀ ਇਹ ਗਲਤ ਨਹੀਂ ਹੈ? ਹਾਲ ਹੀ ਵਿਚ ਕਿਸਾਨਾਂ ਨੇ ਸਰਕਾਰ ਤੋਂ ਦੁਸਹਿਰੇ ਮੌਕੇ ਪੁਤਲੇ ਫੂਕਣ ਵਾਲੇ ਪਟਾਕੇ ਰੋਕਣ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਇਸ ਸਬੰਧ ਵਿਚ ਕੋਈ ਕਾਰਵਾਈ ਨਹੀਂ ਕੀਤੀ। ਹੁਣ ਦੀਵਾਲੀ ਵਾਲੇ ਦਿਨ ਲੱਖਾਂ ਕਰੋੜਾਂ ਦੇ ਪਟਾਕੇ ਸਾੜਨ ਨਾਲ ਸਾਰੇ ਜ਼ਿਲ੍ਹਿਆਂ 'ਚ ਪ੍ਰਦੂਸ਼ਣ ਫੈਲ ਜਾਵੇਗਾ, ਜੋ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਹੈ। ਇਸ ਲਈ ਅਸੀਂ ਰਾਜ 'ਚ ਪਟਾਕਿਆਂ ਦੇ ਨਿਰਮਾਣ, ਵਿਕਰੀ ਤੇ ਸਾੜਨ 'ਤੇ ਪੂਰਨ ਪਾਬੰਦੀ ਦੀ ਮੰਗ ਕਰਦੇ ਹਾਂ।