ਸਿੱਖ ਫ਼ੁੱਟਬਾਲ ਕੱਪ ਦੇ ਫ਼ਾਈਨਲ ਮੁਕਾਬਲੇ ਚੰਡੀਗੜ੍ਹ 'ਚ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਖ਼ਿਤਾਬੀ ਜਿੱਤ ਲਈ ਭਿੜਨਗੇ ਖ਼ਾਲਸਾ ਐਫ਼.ਸੀ. ਗੁਰਦਾਸਪੁਰ ਤੇ ਖ਼ਾਲਸਾ ਐਫ਼.ਸੀ. ਜਲੰਧਰ

Photo

ਚੰਡੀਗੜ: ਖ਼ਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਪੰਜਾਬ ਭਰ ਵਿੱਚ ਸਾਬਤ-ਸੂਰਤ ਟੀਮਾਂ ਦਾ ਸਿੱਖ ਫੁੱਟਬਾਲ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਦਾ ਫਾਈਨਲ ਮੈਚ ਕੱਲ 8 ਫਰਵਰੀ ਫੁੱਟਬਾਲ ਸਟੇਡੀਅਮ ਸੈਕਟਰ 42, ਚੰਡੀਗੜ ਵਿਖੇ ਸਵੇਰੇ 11 ਵਜੇ ਹੋਵੇਗਾ।

ਇਹ ਜਾਣਕਾਰੀ ਦਿੰਦੇ ਹੋਏ ਖਾਲਸਾ ਐੱਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸਕੱਤਰ ਜਨਰਲ ਡਾ. ਪ੍ਰੀਤਮ ਸਿੰਘ ਡਾਇਰੈਕਟਰ ਖੇਡਾਂ ਨੇ ਦੱਸਿਆ ਕਿ ਫਾਈਨਲ ਮੈਚ ਦੌਰਾਨ ਖਾਲਸਾ ਐੱਫ.ਸੀ. ਗੁਰਦਾਸਪੁਰ ਦੀ ਟੀਮ ਦਾ ਮੁਕਾਬਲਾ ਖਾਲਸਾ ਐੱਫ.ਸੀ. ਜਲੰਧਰ ਨਾਲ ਹੋਵੇਗਾ। ਸੈਮੀ ਫਾਈਨਲ ਦੌਰਾਨ ਖਾਲਸਾ ਐੱਫ.ਸੀ. ਬਰਨਾਲਾ ਅਤੇ ਖਾਲਸਾ ਐੱਫ.ਸੀ. ਰੂਪਨਗਰ ਦੀਆਂ ਟੀਮਾਂ ਸਾਂਝੇ ਤੌਰ ਉਤੇ ਤੀਜੇ ਸਥਾਨ ਲਈ ਜੇਤੂ ਐਲਾਨੀਆਂ ਜਾ ਚੁੱਕੀਆਂ ਹਨ।

ਉਨਾਂ ਦੱਸਆ ਕਿ ਟੂਰਨਾਮੈਂਟ ਦੀ ਅਰੰਭਤਾ ਤੋਂ ਪਹਿਲਾਂ ਸਮੂਹ ਹਾਜ਼ਰੀਨ ਨੂੰ ਪੰਜ ਮੂਲ-ਮੰਤਰ ਦੇ ਪਾਠਾਂ ਦਾ ਉਚਾਰਨ ਕਰਵਾਇਆ ਜਾਵੇਗਾ ਅਤੇ ਮੈਚ ਦੀ ਚੜਦੀਕਲਾ ਲਈ ਅਰਦਾਸ ਕਰਲ ਉਪਰੰਤ ਗੱਤਕਈ ਸਿੰਘ ਸਿੱਖ ਜੰਗਜੂ ਕਲਾ ਦੇ ਜੌਹਰ ਦਿਖਾਉਣਗੇ। ਉਨਾਂ ਦੱਸਿਆ ਕਿ ਸਾਬਤ-ਸੂਰਤ ਟੀਮਾਂ ਦੇ ਚੱਲ ਰਹੇ ਇਸ ਫੁੱਟਬਾਲ ਕੱਪ ਦੌਰਾਨ ਪੰਜਾਬ ਦੇ 22 ਜ਼ਿਲਿਆਂ ਸਮੇਤ ਚੰਡੀਗੜ ਦੀ ਟੀਮ ਫੀਫਾ ਦੇ ਨਿਯਮਾਂ ਅਨੁਸਾਰ ਨਾਕਆਊਟ ਆਧਾਰ ਉਤੇ ਮੈਚ ਖੇਡ ਰਹੀਆਂ ਹਨ।