ਵਿਕਰਮਜੀਤ ਸਿੰਘ ਦੀ ਲਾਸ਼ ਲੈ ਕੇ ਭਾਰਤ ਪਹੁੰਚੇ ਐਸ.ਪੀ ਸਿੰਘ ਉਬਰਾਏ
ਪੱਟੀ : ਕੁੱਝ ਸਮਾਂ ਪਹਿਲਾਂ ਰੋਜ਼ੀ ਰੋਟੀ ਕਮਾਉੁਣ ਦੁਬਈ ਗਏ ਪੱਟੀ ਦੇ ਵਸਨੀਕ ਵਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ, ਉਥੇ ਕੰਪਨੀ ਵਿਚ ਕੰਮ ਕਰਨ ਤੋਂ ਬਾਅਦ...
ਪੱਟੀ : ਕੁੱਝ ਸਮਾਂ ਪਹਿਲਾਂ ਰੋਜ਼ੀ ਰੋਟੀ ਕਮਾਉੁਣ ਦੁਬਈ ਗਏ ਪੱਟੀ ਦੇ ਵਸਨੀਕ ਵਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ, ਉਥੇ ਕੰਪਨੀ ਵਿਚ ਕੰਮ ਕਰਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਬਾਰੇ ਮੈਨੂੰ ਸਾਡੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਜਾਣਕਾਰੀ ਦਿਤੀ ਕਿ ਗ਼ਰੀਬ ਪ੍ਰਵਾਰ ਨੇ ਬੜੀ ਮੁਸ਼ਕਲ ਨਾਲ ਇਸ ਨੂੰ ਕੰਮ ਲਈ ਦੁਬਈ ਭੇਜਿਆ ਸੀ। ਪਰ ਹੁਣ ਉਸ ਦੀ ਮੌਤ ਹੋ ਜਾਣ ਕਾਰਨ ਉਸ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਤੋਂ ਅਸਮਰਥ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਚਾਲਕ ਐਸ.ਪੀ ਸਿੰਘ ਉਬਰਾਏ ਨੇ ਦਸਿਆ ਕਿ ਅਸੀਂ ਉਥੇ ਇਸ ਬਾਰੇ ਸਾਰਾ ਪਤਾ ਕਰ ਕੇ 4-5 ਦਿਨਾਂ ਵਿਚ ਮ੍ਰਿਤਕ ਦੇਹ ਨੂੰ ਇਥੇ ਲਿਆਉਣ ਦਾ ਪ੍ਰਬੰਧ ਕੀਤਾ। ਉਬਰਾਏ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਇਕ ਹੈ, ਪਰ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅਸੀਂ ਜ਼ਰੀਆ ਬਣੇ ਹਾਂ ਕਿ ਮਾਪਿਆਂ ਨੂੰ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਪਹੁੰਚਾ ਸਕੇ। ਹੁਣ ਤਕ ਅਸੀਂ 93 ਮ੍ਰਿਤਕ ਦੇਹਾਂ ਨੂੰ ਉਨਾਂ ਦੇ ਮਾਪਿਆਂ ਦੇ ਸਪੁਰਦ ਕਰ ਚੁੱਕੇ ਹਾਂ। ਹੁਣ ਟਰੱਸਟ ਵਲੋਂ ਬਲਵਿੰਦਰ ਸਿੰਘ ਦੀਆਂ ਦੋਹਾਂ ਲੜਕੀਆਂ ਕ੍ਰਮਵਾਰ 4 ਲੱਖ ਰੁਪਏ ਅਤੇ 2 ਲੱਖ ਰੁਪਏ ਦੀਆਂ ਐਫ਼.ਡੀ.ਆਰ ਬਣਾ ਕੇ ਦੇ ਰਹੇ ਹਾਂ ਤਾਂ ਜੋ ਉਨ੍ਹਾਂ ਦੇ ਵਿਆਹ ਸਮੇਂ ਇਹ ਪੈਸਾ ਕੰਮ ਆਵੇ।
ਇਸ ਮੌਕੇ ਐਸ.ਪੀ ਸਿੰਘ ਓਬਰਾਏ ਨੇ ਭਾਰਤੀ ਕੌਂਸਲ ਦਾ ਵੀ ਧਨਵਾਦ ਕੀਤਾ ਜੋ ਅਜਿਹੇ ਕੰਮਾਂ ਲਈ ਜਲਦੀ ਕਾਗ਼ਜ਼ਾਤ ਬਣਾਉਣ ਵਿਚ ਕਾਫ਼ੀ ਮਦਦ ਕਰਦੇ ਹਨ। ਇਸ ਮੌਕੇ ਮ੍ਰਿਤਕ ਦੇ ਦੁਖੀ ਪਿਤਾ ਬਲਵਿੰਦਰ ਸਿੰਘ ਨੇ ਸਰਬੱਤ ਦਾ ਭਲਾ ਟਰੱਸਟ, ਐਸ.ਪੀ ਸਿੰਘ, ਪ੍ਰਿੰਸ ਧੁੰਨਾ ਅਤੇ ਨਿਸ਼ਾਨ ਸਿੰਘ ਬੁਰਜ ਦੁਬਈ ਦਾ ਭਰੇ ਮਨ ਨਾਲ ਧਨਵਾਦ ਕੀਤਾ ਜਿਨ੍ਹਾਂ ਕਰ ਕੇ ਉਸ ਦੇ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਉਨ੍ਹਾਂ ਕੋਲ ਪਹੁੰਚ ਗਈ ਹੈ।
ਗਮਗੀਨ ਮਾਹੌਲ ਵਿਚ ਹੋਇਆ ਅੰਤਮ ਸਸਕਾਰ : ਵਿਕਰਮਜੀਤ ਸਿੰਘ ਦਾ ਗਮਗੀਨ ਮਾਹੌਲ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ। ਬਾਬਾ ਸਰੂਪ ਸਿੰਘ ਵਲੋਂ ਅੰਤਮ ਅਰਦਾਸ ਕਰਨ ਉਪਰੰਤ ਮ੍ਰਿਤਕ ਵਿਕਰਮਜੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਵਲੋਂ ਚਿਖਾ ਨੂੰ ਅਗਨੀ ਭੇਂਟ ਕੀਤੀ ਗਈ। ਇਸ ਮੌਕੇ ਪਰਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਬੀਬਾ ਪ੍ਰਨੀਤ ਕੌਰ ਕੈਰੋਂ, ਖੁਸ਼ਵਿੰਦਰ ਸਿਘ ਭਾਟੀਆ, ਸੁਖਵਿੰਦਰ ਸਿੰਘ ਸਿੱਧੂ, ਵਜੀਰ ਸਿੰਘ ਪਾਰਸ, ਬਾਜ ਸਿੰਘ ਖਾਰਾਂ, ਸੁਖਜਿੰਦਰ ਸਿੰਘ ਬਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਪ੍ਰਿੰਸ ਧੁੰਨਾਂ, ਡਾ, ਇੰਦਰਪ੍ਰੀਤ ਸਿੰਘ, ਨਵਜੀਤ ਕੌਰ ਵਾਇਸ ਪ੍ਰਧਾਨ, ਗੁਰਪ੍ਰੀਤ ਸਿੰਘ ਪਨਗੋਟਾ, ਡਾ. ਸਰਬਪ੍ਰੀਤ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।