'ਜੇ ਸਿੱਖ ਸੰਗਤ ਪਹਿਲਾਂ ਜਾਰੀ ਹੋਏ ਗ਼ਲਤ ਹੁਕਮਨਾਮਿਆਂ ਪ੍ਰਤੀ ਰੋਸ ਕਰਦੀ ਤਾਂ ਅੱਜ ਇਹ ਮਾਹੌਲ ਨਾ ਹੁੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਨਾਂ ਕੁੱਝ ਹੋਣ ਦੇ ਬਾਵਜੂਦ ਵੀ ਨਾ ਤਾਂ ਅਖ਼ਬਾਰ  ਝੁਕਿਆ ਅਤੇ ਨਾ ਹੀ ਸ. ਜੋਗਿੰਦਰ ਸਿੰਘ ਦੀ ਕਲਮ।

Photo

ਮਾਛੀਵਾੜਾ ਸਾਹਿਬ: ਜਦੋਂ ਤੋਂ ਸਿੱਖਾਂ ਦੀ ਸਿਰਮੌਰ ਧਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਉਪਰ ਹੌਲੀ ਹੌਲੀ ਇਕ ਖ਼ਾਸ ਰਾਜਨੀਤਕ ਪਾਰਟੀ ਨੇ ਕਬਜ਼ਾ ਕੀਤਾ ਹੈ ਤਾਂ ਉਸ ਨੇ ਹਰ ਹੀਲੇ ਗ਼ਲਤ ਹੱਥਕੰਡੇ ਕਈ ਪਾਸੇ ਨੂੰ ਅਪਣਾਏ।

ਉਨ੍ਹਾਂ ਦੀਆਂ ਸਿੱਖ ਧਰਮ ਅਤੇ ਪੰਜਾਬ ਵਿਚ ਵਧੀਕੀਆਂ ਸਮੇਂ ਸਮੇਂ ਤੇ ਨੰਗੀਆਂ ਵੀ ਹੁੰਦੀਆਂ ਰਹੀਆਂ ਪਰ ਸਿੱਖ ਕੌਮ ਏਨੀ ਗੂੜ੍ਹੀ ਨੀਂਦ ਸੌਂ ਚੁੱਕੀ ਸੀ ਕਿ ਕਿਸੇ ਨੇ ਜਾਗਣ ਦਾ ਹੀਆ ਹੀ ਨਾ ਕੀਤਾ ਜਾਂ ਫਿਰ ਕੁਰਸੀ ਉਪਰ ਕਾਬਜ਼ ਲਾਣੇ ਨੇ ਅਪਣਾ ਜ਼ੋਰ ਹੀ ਐਨਾ ਵਿਖਾਇਆ ਕਿ ਕਿਸੇ ਦੀ ਪ੍ਰਵਾਹ ਨਾ ਕੀਤੀ।

ਕਿਸੇ ਵੀ ਕੌਮ ਵਿਚ ਉੱਥੋਂ ਦੇ ਧਾਰਮਕ ਪ੍ਰਚਾਰਕ ਅਤੇ ਵਧੀਆ ਲਿਖਣ ਵਾਲੇ ਵਿਦਵਾਨਾਂ ਦਾ ਵਿਸ਼ੇਸ਼ ਰੋਲ ਹੁੰਦਾ ਹੈ ਪਰ ਅੱਜ ਸਿੱਖ ਕੌਮ ਵਿਚ ਪ੍ਰਚਾਰਕਾਂ ਅਤੇ ਉਨ੍ਹਾਂ ਵਿਦਵਾਨਾਂ ਦੀ ਜੋ ਹਾਲਤ ਹੈ ਉਹ ਸੱਭ ਦੇ ਸਾਹਮਣੇ ਹੈ। ਇਹ ਕੰਮ ਇਕਦਮ ਨਹੀਂ ਹੋਇਆ ਹੌਲੀ ਹੌਲੀ ਸੱਭ ਨੇ ਆਪੋ ਅਪਣਾ ਯੋਗਦਾਨ ਪਾਇਆ ਹੈ।

ਬਹੁਤਾ ਪਿੱਛੇ ਨਾ ਜਾਈਏ ਗੱਲ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਸ. ਜੋਗਿੰਦਰ ਸਿੰਘ ਸਪੋਕਸਮੈਨ ਜਿਹੇ ਉਨ੍ਹਾਂ ਵਿਦਵਾਨਾਂ ਦੀ ਹੀ ਕਰੀਏ ਜਿਨ੍ਹਾਂ ਦੀਆਂ ਲਿਖਤਾਂ ਗੁਰਬਾਣੀ ਅਤੇ ਸਿੱਖ ਧਰਮ ਦੇ ਇਤਿਹਾਸ ਦੀ ਕਸਵੱਟੀ ਉਪਰ ਖਰੀਆਂ ਉਤਰਦੀਆਂ ਸਨ, ਹਰ ਸਮੇਂ ਸੱਚ ਹੀ ਕਿਸੇ ਨਾ ਕਿਸੇ ਰੂਪ ਵਿਚ ਲਿਖ ਕੇ ਸੰਗਤਾਂ ਅੱਗੇ ਲਿਆਂਦਾ ਜਾ ਰਿਹਾ ਸੀ।

ਇਹ ਸੱਚ ਉਸ ਸਮੇਂ ਦੇ ਹਾਕਮਾਂ ਅਤੇ ਧਾਰਮਕ ਜਥੇਦਾਰਾਂ ਨੂੰ ਬਿਲਕੁਲ ਵੀ ਹਜ਼ਮ ਨਹੀਂ ਸੀ। ਪ੍ਰੋਫ਼ੈਸਰ ਦਰਸ਼ਨ ਸਿੰਘ, ਹਰਨੇਕ ਸਿੰਘ ਨੇਕੀ ਜੋ ਸਾਡੇ ਉਪਰ ਮੜ੍ਹੀਆਂ ਜਾ ਰਹੀਆਂ ਗ਼ਲਤ ਮਨੌਤਾਂ ਦਾ ਵਿਰੋਧ ਕਰਦੇ ਸਨ। ਉਨ੍ਹਾਂ ਉਪਰ ਅਕਾਲ ਤਖ਼ਤ ਦੇ ਨਾਮ 'ਤੇ ਹੁਕਮਨਾਮਾ ਰੂਪੀ ਕੁਹਾੜਾ ਚਲਾਇਆ ਗਿਆ ਅਤੇ ਮੌਜੂਦਾ ਸਮੇਂ ਵਿਚ ਇਨਕਲਾਬੀ ਸਿੱਖ ਪ੍ਰਚਾਰਕ ਗ਼ਲਤ ਇਤਿਹਾਸਕ ਸਰੋਤਾਂ ਨੂੰ ਨਾ ਮੰਨਣ ਵਾਲੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਉਪਰ ਵੀ ਹੁਕਮਨਾਮਾ ਜਾਰੀ ਕਰਨ ਦੇ ਬੱਦਲ ਮੰਡਰਾਉਣ ਲੱਗੇ।

ਗ਼ਲਤ ਤਰੀਕੇ ਨਾਲ ਸਿੱਖ ਧਰਮ ਵਿਚ ਕਾਬਜ਼ ਹੋਈ ਲਾਬੀ ਨੇ ਅਪਣਾ ਪੂਰਾ ਜ਼ੋਰ ਲਾਇਆ ਪਰ ਦੇਸ਼ ਵਿਦੇਸ਼ ਦੀ ਸੰਗਤ ਖੁੱਲ੍ਹ ਕੇ ਭਾਈ ਰਣਜੀਤ ਸਿੰਘ ਦੇ ਸਮਰਥਨ ਵਿਚ ਆਉਣੀ ਸ਼ੁਰੂ ਹੋ ਚੁਕੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਅਕਾਲ ਤਖ਼ਤ ਨਾਲ ਸਬੰਧਤ ਧਾਰਮਕ ਅਤੇ ਰਾਜਨੀਤਕ ਆਗੂ ਇਸ ਹੁਕਮਨਾਮੇ ਵਾਲੇ ਮਸਲੇ 'ਤੇ ਪੈਰ ਫੂਕ ਫੂਕ ਕੇ ਰੱਖ ਰਹੇ ਹਨ ਜਾਂ ਪੈਰ ਪਿਛਾਂਹ ਨੂੰ ਖਿੱਚ ਲਏ ਹਨ ਕਿਉਂਕਿ ਸੰਗਤ ਦੇ ਵਿਰੋਧ ਦਾ ਸੱਭ ਨੂੰ ਪਤਾ ਲੱਗ ਚੁੱਕਾ ਹੈ।

ਹੁਣ ਇਥੇ ਇਹ ਗੱਲ ਵਿਚਾਰਨਯੋਗ ਹੈ ਕਿ ਜਦੋਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਸ. ਜੋਗਿੰਦਰ ਸਿੰਘ ਸਪੋਕਸਮੈਨ ਅਤੇ ਹੋਰ ਵਿਦਵਾਨਾਂ ਉਤੇ ਰਾਜਨੀਤਕ ਆਗੂਆਂ ਦੇ ਇਸ਼ਾਰਿਆਂ ਉਪਰ ਜਥੇਦਾਰਾਂ ਨੇ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕੀਤਾ ਤਾਂ ਸਿੱਖ ਸੰਗਤਾਂ ਨੇ ਇਨ੍ਹਾਂ ਵਿਦਵਾਨਾਂ ਨਾਲ ਖੁੱਲ੍ਹ ਕੇ ਖੜਨ ਦੀ ਹਿੰਮਤ ਨਾ ਕੀਤੀ।

ਅਪਣੇ ਅਖ਼ਬਾਰ ਵਿਚ ਸਿਰਫ਼ ਸੱਚ ਲਿਖਣ, ਸਿੱਖ ਰਹਿਤ ਮਰਿਆਦਾ, ਸਿੱਖੀ ਸਿਧਾਂਤਾਂ ਤੇ ਹੋਰ ਇਤਿਹਾਸਕ ਗ਼ਲਤ ਸਰੋਤਾਂ ਦਾ ਖੰਡਨ ਕੀਤਾ, ਸਰਕਾਰ ਵਲੋਂ ਪੰਜਾਬ ਨਾਲ ਹੋ ਰਹੇ ਧੱਕੇ ਦੀ ਗੱਲ ਕੀਤੀ। ਉਸ ਸਮੇਂ ਦੇ ਹਾਕਮਾਂ ਨੂੰ ਇਹ ਗੱਲਾਂ ਬਿਲਕੁਲ ਵੀ ਬਰਦਾਸ਼ਤ ਨਾ ਹੋਈਆਂ ਤਾਂ ਹੀ ਉਨ੍ਹਾਂ ਨੇ ਅਕਾਲ ਤਖ਼ਤ ਨੂੰ ਵਰਤ ਕੇ ਹੁਕਮਨਾਮਾ ਜਾਰੀ ਕਰਵਾਇਆ ਕਿਉਂਕਿ ਉਸ ਵੇਲੇ ਸਪੋਕਸਮੈਨ ਅਖ਼ਬਾਰ ਨੇ ਜਿਥੇ ਧਾਰਮਿਕ ਲਹਿਰ ਪੈਦਾ ਕੀਤੀ ਉੱਥੇ ਨਵੀਂ ਜਾਗ੍ਰਤੀ ਪੈਦਾ ਕੀਤੀ।

ਇਸ ਧੱਕੇ ਨਾਲ ਹੀ ਅਖ਼ਬਾਰ ਨੂੰ ਬੰਦ ਕਰਨ, ਇਸ ਦਾ ਸੋਚੀ ਸਮਝੀ ਸਾਜ਼ਸ਼ ਅਧੀਨ ਨੁਕਸਾਨ ਕਰਨ ਬਾਰੇ ਵਿਉਂਤਾਂ ਘੜੀਆਂ ਅਤੇ ਇਹ ਵਿਉਂਤਾਂ ਕਾਫ਼ੀ ਹੱਦ ਤਕ ਸਫ਼ਲ ਵੀ ਰਹੀਆਂ। ਪਰ ਸਰਦਾਰ ਜੋਗਿੰਦਰ ਸਿੰਘ ਨੇ ਸਰਕਾਰ ਅਤੇ ਉਸ ਵੇਲੇ ਦੇ ਜਾਰੀ ਹੋਏ ਹੁਕਮਨਾਮੇ ਦੀ ਕੋਈ ਪ੍ਰਵਾਹ ਨਾ ਕੀਤੀ। ਉਨ੍ਹਾਂ ਦੀ ਕਲਮ ਅਤੇ ਅਖ਼ਬਾਰ ਲਗਾਤਾਰ ਚਲਦਾ ਆ ਰਿਹਾ ਹੈ।

ਬੇਸ਼ੱਕ ਉਨ੍ਹਾਂ ਨੇ ਇਸ ਮਸਲੇ 'ਤੇ ਕਈ ਪਾਸਿਉਂ ਵੱਡਾ ਘਾਟਾ ਵੀ ਖਾਧਾ ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰਾਂ ਅਤੇ ਸਰਕਾਰ ਦੀ ਸਾਂਝ ਦਾ ਇਥੋਂ ਪ੍ਰਗਟਾਵਾ ਹੋਣਾ ਸ਼ੁਰੂ ਹੋ ਗਿਆ ਸੀ ਕਿ ਲਗਾਤਾਰ ਸਪੋਕਸਮੈਨ ਨੂੰ ਇਕ ਰੁਪਏ ਦਾ ਵੀ ਸਰਕਾਰੀ ਇਸ਼ਤਿਹਾਰ ਨਾ ਦਿਤਾ ਗਿਆ।

ਜੇਕਰ ਉਸ ਸਮੇਂ ਇਨ੍ਹਾਂ ਗੱਲਾਂ ਨੂੰ ਸਮਝ ਲਿਆ ਹੁੰਦਾ ਤਾਂ ਅੱਜ ਸਿੱਖ ਵਿਦਵਾਨਾਂ ਅਤੇ ਪ੍ਰਚਾਰਕਾਂ ਨੂੰ ਇਹ ਦਿਨ ਦੇਖਣੇ ਨਾ ਪੈਂਦੇ ਅਤੇ ਨਾ ਹੀ ਗੱਲ ਇਥੋਂ ਤੱਕ ਪੁੱਜਦੀ। ਇਹ ਸੱਚ ਸੱਭ ਦੇ ਸਾਹਮਣੇ ਹੀ ਹੈ ਕਿ ਸ. ਜੋਗਿੰਦਰ ਸਿੰਘ ਦਾ ਕੀ ਵੱਡਾ ਕਸੂਰ ਸੀ ਕਿ ਉਨ੍ਹਾਂ ਉਪਰ ਗ਼ਲਤ ਤਰੀਕੇ ਨਾਲ ਹੁਕਮਨਾਮਾ ਜਾਰੀ ਕੀਤਾ ਗਿਆ।

ਏਨਾਂ ਕੁੱਝ ਹੋਣ ਦੇ ਬਾਵਜੂਦ ਵੀ ਨਾ ਤਾਂ ਅਖ਼ਬਾਰ  ਝੁਕਿਆ ਅਤੇ ਨਾ ਹੀ ਸ. ਜੋਗਿੰਦਰ ਸਿੰਘ ਦੀ ਕਲਮ। ਇਹ ਸਫ਼ਰ ਲਗਾਤਾਰ ਜਾਰੀ ਹੈ ਜਾਰੀ ਰਹੇਗਾ। ਹੁਣ ਤਕ ਬਹੁਤ ਕੁੱਝ ਸਾਹਮਣੇ ਆ ਚੁਕਾ ਹੈ, ਸਿੱਖ ਸੰਗਤਾਂ ਨੂੰ ਆਪ ਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਨਾਲ ਖੜਨਾ ਹੈ ਤੇ ਕਿਸ ਨਾਲ ਨਹੀਂ ਕਿਉਂਕਿ ਚੰਗੇ ਸਿੱਖ ਵਿਦਵਾਨ ਅਤੇ ਚੰਗੇ ਸਿੱਖ ਪ੍ਰਚਾਰਕ ਵਾਰ ਵਾਰ ਪੈਦਾ ਨਹੀਂ ਹੁੰਦੇ।