ਮੀਡੀਆ ਦਾ ਵੱਡਾ ਧੜਾ ਤੇ ਪ੍ਰਚਾਰਕ ਸੰਗਤਾਂ ਨੂੰ ਗੁਮਰਾਹ ਕਰਨ ਦੀ ਬਜਾਏ ਅਸਲੀਅਤ ਪੇਸ਼ ਕਰੇ:ਢਡਰੀਆਂ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਪ੍ਰਮੇਸ਼ਰ ਦੁਆਰ ਸਾਹਿਬ ਵਿਖੇ 7 ਮਾਰਚ ਨੂੰ ਸਜਾਏ ਜਾਣਗੇ ਦੀਵਾਨ

Photo

ਸੰਗਰੂਰ : ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਸ਼ੇਖ਼ੂਪੁਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਅੱਜ ਇਕ ਵੀਡੀਉ ਜਾਰੀ ਕਰਦਿਆਂ ਰੋਸ ਜਤਾਇਆ ਕਿ ਮੀਡੀਆ ਦਾ ਕੁੱਝ ਹਿੱਸਾ ਹੀ ਸਹੀ ਸ਼ੀਸ਼ਾ ਦਿਖਾ ਰਿਹਾ ਹੈ ਪਰੰਤੂ ਬਹੁਤੇ ਸਾਡੇ ਕੋਲ ਇੰਟਰਵਿਊ ਕਰਨ ਆਉਂਦੇ ਹਨ ਅਤੇ ਜੋ ਸਵਾਲ ਸਾਡੇ ਤੇ ਹਮਲਾ ਕਰਨ ਵਾਲਿਆਂ ਨੂੰ ਕਰਨੇ ਚਾਹੀਦੇ ਸੀ, ਉਹ ਵੀ ਸਾਡੇ ਤੋਂ ਪੁੱਛੇ ਜਾ ਰਹੇ ਹਨ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕੁੱਝ ਪੱਤਰਕਾਰ ਜਦੋਂ ਸਾਡੇ ਨਾਲ ਗੱਲ ਕਰਦੇ ਹਨ ਤਾਂ ਉਹ ਸਾਨੂੰ ਸਿਰਫ਼ ਸਵਾਲ ਹੀ ਕਰਦੇ ਹਨ ਪ੍ਰੰਤੂ ਕੁੱਝ ਸਵਾਲ ਦਾ ਜਵਾਬ ਸੁਣ ਕੇ ਉਸ 'ਤੇ ਫਿਰ ਕਿੰਤੂ ਪ੍ਰੰਤੂ ਕਰਦੇ ਹਨ ਜਿਥੋਂ ਸਿੱਧ ਹੁੰਦਾ ਹੈ ਕਿ ਉਹ ਵੀ ਵੱਡੀਆਂ ਧਿਰਾਂ ਦੇ ਪੱਖ ਵਿਚ ਹੀ ਬੋਲਦੇ ਹਨ।

ਉਹ ਪੱਤਰਕਾਰ ਸਿਰਫ਼ ਸਾਨੂੰ ਇਹੋ ਜਿਹੀਆਂ ਗੱਲਾਂ ਕਰਦੇ ਹਨ ਕਿ ਢਡਰੀਆਂ ਵਾਲਾ ਹੀ ਵਿਵਾਦ ਪੈਦਾ ਕਰਦਾ ਹੈ, ਜਦੋਂ ਉਨ੍ਹਾਂ ਤੋਂ ਇਸ ਦਾ ਹੱਲ ਕਰਨ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਟੇਢੇ ਢੰਗ ਨਾਲ ਵੱਡੀ ਧਿਰ ਦੇ ਪੈਰਾਂ ਵਿਚ ਬੈਠਣ ਦਾ ਇਸ਼ਾਰਾ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਪਣਾ ਮੀਡੀਆ ਆਪ ਹੀ ਬਣਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਪ੍ਰਚਾਰਕ ਵੀ ਇਹੀ ਪ੍ਰਚਾਰ ਕਰਦੇ ਹਨ ਕਿ ਦੋ ਧਿਰਾਂ ਦੀ ਲੜਾਈ ਵਿਚ ਸੰਗਤਾਂ ਦਾ ਨੁਕਸਾਨ ਹੋ ਰਿਹਾ ਹੈ।

ਸਾਡੇ ਤੇ ਹੋ ਰਹੇ ਧੱਕੇ ਨੂੰ ਵੀ ਲੜਾਈ ਦਾ ਰੂਪ ਦਿਤਾ ਜਾਂਦਾ ਹੈ। ਉਹ ਇਹ ਕਿਉਂ ਨਹੀਂ ਸੋਚਦੇ ਕਿ ਅਸੀਂ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਤੋਂ ਬਾਅਦ ਸਮੁੱਚੇ ਦੀਵਾਨ ਹੀ ਬੰਦ ਕਰ ਦਿਤੇ ਹਨ, ਫਿਰ ਵੀ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਛਿਆ ਕਿ ਜਿਹੜੇ ਵਿਅਕਤੀ ਢਡਰੀਆਂ ਅਤੇ ਅਜਨਾਲਾ ਗਰੁਪਾਂ ਦੇ ਆਹਮੋ ਸਾਹਮਣੇ ਹੋਣ ਤੇ ਕਤਲੇਆਮ ਦੀ ਦੁਹਾਈ ਦਿੰਦੇ ਹਨ ਕੀ ਅਸੀਂ ਅਜਿਹਾ ਕੁੱਝ ਕਰ ਸਕਦੇ ਹਾਂ? ਕਿਉਂਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਇਸ ਲਈ ਹੁਣ ਤਕ ਚੁੱਪ ਕਰ ਕੇ ਦੀਵਾਨ ਰੱਦ ਕਰਦੇ ਆ ਰਹੇ ਹਾਂ ਕਿ ਅਪਣੇ ਭਾਈਚਾਰੇ ਦਾ ਕੋਈ ਨੁਕਸਾਨ ਨਾ ਹੋਵੇ।

ਉਨ੍ਹਾਂ ਕਿਹਾ ਕਿ ਅਸੀਂ ਤਾਂ ਬਿਲਕੁਲ ਪਿੱਛੇ ਹਟ ਚੁੱਕੇ ਹਾਂ ਫਿਰ ਵੀ ਸਾਨੂੰ ਦੋਸ਼ੀ ਕਿਉਂ ਠਹਿਰਾਇਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਦਿੱਲੀ ਵਿਚ ਦੰਗੇ ਨਹੀਂ ਹੋਏ ਜਦਕਿ ਸਿੱਖ ਕਤਲੇਆਮ ਹੋਇਆ ਹੈ ਕਿਉਂਕਿ ਦੰਗੇ ਦੋ ਧਿਰਾਂ ਵਿਚ ਹੁੰਦੇ ਹਨ ਪਰੰਤੂ ਦਿੱਲੀ ਵਿਚ ਸਿਰਫ਼ ਸਿੱਖਾਂ ਨੂੰ ਹੀ ਨੁਕਸਾਨ ਝੱਲਣਾ ਪਿਆ ਭਾਵੇਂ ਉਹ ਜਾਨੀ ਹੋਇਆ ਭਾਵੇਂ ਮਾਲੀ।

ਉਨ੍ਹਾਂ ਕਿਹਾ ਕਿ ਵੱਡਾ ਮੀਡੀਆ ਜਦੋਂ ਦਿੱਲੀ ਕਤਲੇਆਮ ਨੂੰ ਦੰਗਿਆਂ ਦਾ ਨਾਮ ਦਿੰਦਾ ਹੈ ਤਾਂ ਸਾਡਾ ਖ਼ੂਨ ਖੌਲਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੌਮ ਨੂੰ ਦੋਫਾੜ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਵੱਡੇ ਮੀਡੀਆ ਅਤੇ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਸੀ ਕਿ ਉਨ੍ਹਾਂ ਦਾ ਇਹ ਬਿਆਨ ਆਉਂਦਾ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨਾਲ ਲਗਾਤਾਰ 4-5 ਸਾਲ ਤੋਂ ਧੱਕਾ ਹੁੰਦਾ ਆ ਰਿਹਾ ਹੈ, ਇਨ੍ਹਾਂ ਦੇ ਬੰਦਿਆਂ ਨੂੰ ਡਰਾਇਆ ਜਾ ਰਿਹਾ ਹੈ, ਇਹ ਬਿਲਕੁਲ ਟੁੱਟ ਜਾਣਗੇ, ਕਿਉਂ ਕੌਮ ਨੂੰ ਦੋਫਾੜ ਕੀਤਾ ਜਾ ਰਿਹੈ?

ਉਨ੍ਹਾਂ ਕਿਹਾ ਕਿ ਮੀਡੀਆ ਅਤੇ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੁੱਛਦੇ ਕਿ ਇਕ ਧਿਰ ਨੂੰ ਪੂਰਾ ਮਾਣ ਸਤਿਕਾਰ ਅਤੇ ਸਿਰੋਪਾਉ ਭੇਂਟ ਕਰਦੇ ਹੋ ਜਦਕਿ ਢਡਰੀਆਂ ਵਾਲਿਆਂ ਨੂੰ ਨਕਲੀ ਨਿਰੰਕਾਰੀਆਂ ਬਣਾ ਕੇ ਪੇਸ਼ ਕਰੋਗੇ ਤਾਂ ਉਨ੍ਹਾਂ ਦੇ ਬੰਦਿਆਂ ਦੇ ਦਿਲ 'ਤੇ ਕੀ ਬੀਤੇਗੀ। ਉਨ੍ਹਾਂ ਰੋਸ ਜਤਾਇਆ ਕਿ ਅੱਜ ਵੀ ਮੀਡੀਆ ਅਤੇ ਪ੍ਰਚਾਰਕ ਸਾਨੂੰ ਵੱਡੀ ਧਿਰ ਦੇ ਪੈਰਾਂ ਵਿਚ ਬਿਠਾਉਣ ਨੂੰ ਫਿਰਦਾ ਹੈ ਜੋ ਕਦੇ ਵੀ ਹੋ ਨਹੀਂ ਸਕਦਾ।

ਉਨ੍ਹਾਂ ਕਿਹਾ ਕਿ ਜੇਕਰ ਅੱਜ ਸਿੱਖ ਸਾਡੇ ਦੀਵਾਨ ਸ਼ੁਰੂ ਕਰਨ ਲਈ ਹੱਕ ਵਿਚ ਵੀਡੀਉ ਪਾਉਂਦੇ ਹਨ ਉਸ ਨੂੰ ਵੀ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਰੋਸ ਜਤਾਇਆ ਕਿ ਦਾਦੂਵਾਲ ਵਲੋਂ ਸਾਡੇ ਦੀਵਾਨ ਬੰਦ ਕਰਨ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਪ੍ਰਮੇਸ਼ਰ ਦੁਆਰ ਸਾਹਿਬ ਵੀ ਦੀਵਾਨ ਨਹੀਂ ਲੱਗਣ ਦੇਣਗੇ ਅਤੇ ਨੈੱਟ ਉਪਰ ਵੀ ਸਾਡੀਆਂ ਵੀਡੀਓਜ਼ ਨਹੀਂ ਪਾਉਣ ਦੇਣਗੇ।

ਇਕ ਧੜਾ ਕਹਿੰਦਾ ਹੈ ਕਿ ਢਡਰੀਆਂ ਵਾਲਿਆਂ ਨੂੰ ਮਿਰਚਾਂ ਵਾਲੀ ਬੋਰੀ ਵਿਚ ਪਾ ਕੇ ਸੋਧਾ ਲਾਵਾਂਗੇ ਕੀ ਮੀਡੀਆ ਅਤੇ ਪ੍ਰਚਾਰਕਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ? ਉਨ੍ਹਾਂ ਵਿਅਕਤੀਆਂ ਤੋਂ ਮੀਡੀਆ ਕਿਉਂ ਨਹੀਂ ਪੁੱਛਦਾ? ਉਨ੍ਹਾਂ ਕਿਹਾ ਕਿ ਸਾਡੇ ਵਿਰੁਧ ਇਹ ਹਵਾ ਬਣਾਈ ਜਾ ਰਹੀ ਹੈ ਕਿ ਢਡਰੀਆਂ ਵਾਲਾ ਹੀ ਸਿੱਖ ਕੌਮ ਦਾ ਨੁਕਸਾਨ ਕਰ ਰਿਹਾ ਹੈ ਪਰੰਤੂ ਸਾਡੇ ਨਾਲ ਹੁੰਦਾ ਧੱਕਾ ਕਿਉਂ ਨਹੀਂ ਦਿਖਾਈ ਦੇ ਰਿਹਾ?

ਉਨ੍ਹਾਂ ਦਸਿਆ ਕਿ ਜਦੋਂ ਛਬੀਲ ਲਗਾ ਕੇ ਭਾਈ ਭੁਪਿੰਦਰ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਸੰਗਤਾਂ ਉਨ੍ਹਾਂ ਦੀ ਲਾਸ਼ ਚੌਕ ਵਿਚ ਰੱਖ ਕੇ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੀਆਂ ਸਨ ਪ੍ਰੰਤੂ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਅਸੀ ਸੰਗਤ ਅੱਗੇ ਬੇਨਤੀ ਕਰ ਕੇ ਸਸਕਾਰ ਕਰਵਾਇਆ ਸੀ ਜਿਸ ਤਰ੍ਹਾਂ ਸਾਡੇ ਦੀਵਾਨ ਰੋਕੇ ਗਏ ਅਸੀਂ ਚਾਹੁੰਦੇ ਤਾਂ ਅਸੀਂ ਵੀ ਸੜਕਾਂ ਜਾਮ ਕਰ ਸਕਦੇ ਸੀ, ਅਜਨਾਲਾ ਦੇ ਘਰ ਤਕ ਜਿੰਨੀ ਮਰਜ਼ੀ ਸੰਗਤ ਇਕੱਠੀ ਕਰ ਸਕਦੇ ਸੀ।

ਅਖ਼ੀਰ ਉਨ੍ਹਾਂ ਆਖਿਆ ਕਿ ਜੋ ਸੰਗਤਾਂ ਹੱਕ ਵਿਚ ਵੀਡੀਉ ਪਾਉਂਦੀਆਂ ਹਨ ਉਹ ਅਪਣੀ ਸ਼ਬਦਾਬਲੀ ਦਾ ਜ਼ਰੂਰ ਖਿਆਲ ਰੱਖਣ ਕਿਉਂਕਿ ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਸ਼ਬਦਾਵਲੀ ਵਰਤੋਂਗੇ ਤਾਂ ਉਸ ਦਾ ਵੀ ਜਵਾਬਦੇਹ ਸਾਨੂੰ ਹੀ ਹੋਣਾ ਪਵੇਗਾ। ਉਨ੍ਹਾਂ ਦਸਿਆ ਕਿ 7 ਮਾਰਚ ਨੂੰ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ। ਜੋ ਸੰਗਤਾਂ ਰਹਿਣਾ ਚਾਹੁਣ ਉਨ੍ਹਾਂ ਦੇ ਠਹਿਰਨ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ।