ਬਿਆਸ ਡੇਰਾ ਮੁਖੀ ਵਿਰੁੱਧ ਗਵਰਨਰ ਪੰਜਾਬ ਨੂੰ ਕੀਤੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

20-22 ਪਿੰਡਾਂ ਦੀ ਜ਼ਮੀਨ ਉਤੇ ਡੇਰਾ ਮੁਖੀ ਬਿਆਸ ਵੱਲੋਂ ਨਾਜ਼ਾਇਜ ਕਬਜ਼ੇ ਦਾ ਦੋਸ਼ ਲਗਾਇਆ

Baldev Singh Sirsa

ਚੰਡੀਗੜ੍ਹ : ਡੇਰਾ ਮੁਖੀ ਬਿਆਸ ਗੁਰਿੰਦਰ ਸਿੰਘ ਢਿੱਲੋਂ (ਰਾਧਾ ਸੁਆਮੀ ਸਤਸੰਗ ਬਿਆਸ) ਪਿੰਡ ਡੇਰਾ ਬਾਬਾ ਜੈਮਲ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਗਰੀਬ ਲੋਕਾਂ ਦੇ 2-2 ਮਰਲੇ ਦੇ ਪਲਾਟਾਂ ਅਤੇ 20-22 ਪਿੰਡਾਂ ਦੀ ਜ਼ਮੀਨ ਉਤੇ ਕਬਜ਼ਾ ਕਰਨ ਦੇ ਬਲਦੇਵ ਸਿੰਘ ਸਿਰਸਾ ਵਲੋਂ ਦੋਸ਼ ਲਗਾਏ ਗਏ ਹਨ। ਬਲਦੇਵ ਸਿੰਘ ਸਿਰਸਾ ਨੇ ਡੇਰਾ ਮੁਖੀ ਵਿਰੁੱਧ ਅੱਜ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।

ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਸਾਲ 1932 'ਚ ਡੇਰੇ ਦੇ ਪਹਿਲਾਂ ਜਿਹੜੇ ਮੁਖੀ ਸਨ ਉਦੋਂ ਉਨ੍ਹਾਂ ਦੀ ਜ਼ਮੀਨ 8 ਕਨਾਲ 14 ਮਰਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਸੀ। ਹੌਲੀ-ਹੌਲੀ ਇਸ ਡੇਰਾ ਮੁਖੀ ਅਤੇ ਇਸ ਦੀਆਂ ਸੁਸਾਇਟੀ ਨੇ ਡੇਰੇ ਦੇ ਨੇੜਲੇ 20-22 ਪਿੰਡਾਂ ਦੀ ਲਗਭਗ 20 ਹਜ਼ਾਰ ਏਕੜ ਜ਼ਮੀਨ ਦੇ ਚਾਰੇ ਪਾਸੇ ਚਾਰਦੀਵਾਰੀ, ਕੰਡਿਆਲੀ ਤਾਰ ਅਤੇ ਬਿਆਸ ਦਰਿਆ ਦੇ ਸੱਜੇ ਪਾਸੇ ਮਜ਼ਬੂਤ ਬੰਨ੍ਹ ਬਣਾ ਕੇ ਨਾਜਾਇਜ਼ ਕਬਜ਼ਾ ਕਰ ਲਿਆ। ਇਹ ਸਾਰਾ ਕੁਝ ਸਰਪੰਚਾਂ, ਮਾਲ ਵਿਭਾਗ, ਮਾਈਨਿੰਗ ਵਿਭਾਗ, ਪੀਡਬਲਿਊਡੀ ਵਿਭਾਗ, ਪੰਜਾਬ ਪੁਲਿਸ ਅਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਨਾਲ ਹੋਇਆ ਹੈ। ਇਨ੍ਹਾਂ ਨੇ ਦਲਿਤਾਂ ਦੇ 2-2 ਮਰਲੇ ਦੇ ਪਲਾਟ, ਛੋਟੇ ਕਿਸਾਨਾਂ ਦੀਆਂ ਖੇਤੀਯੋਗ ਜ਼ਮੀਨਾਂ, ਗ੍ਰਾਮ ਪੰਚਾਇਤਾਂ ਦੀਆਂ ਜ਼ਮੀਨਾਂ ਅਤੇ ਰੇਲਵੇ ਆਦਿ ਦੀਆਂ ਜ਼ਮੀਨਾਂ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ।

ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਗਾਇਆ ਕਿ ਡੇਰਾ ਮੁਖੀ ਨੇ ਮਾਲ ਵਿਭਾਗ ਦੀ ਮਦਦ ਨਾਲ ਇਨ੍ਹਾਂ ਜ਼ਮੀਨਾਂ ਦੇ ਝੂਠੇ ਕਾਗ਼ਜ਼ ਵੀ ਤਿਆਰ ਕਰਵਾ ਲਏ ਹਨ। ਇਸ ਮੌਕੇ ਪੀੜਤ ਰਜਿੰਦਰ ਸਿੰਘ ਢਿੱਲਵਾਂ, ਜਗੀਰ ਸਿੰਘ, ਅਮਰਜੀਤ ਸਿੰਘ, ਮੱਖਣ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮੌਕੇ ਰਾਜਪਾਲ ਨੇ ਬਲਦੇਵ ਸਿੰਘ ਸਿਰਸਾ ਅਤੇ ਪੀੜਤਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਮਾਮਲੇ ਦੀ ਜਾਂਚ ਮਗਰੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਲਦੇਵ ਸਿੰਘ ਸਿਰਸਾ ਨੇ ਚਿਤਾਵਨੀ ਦਿੱਤੀ ਕਿ ਜੇ ਛੇਤੀ ਹੀ ਉਨ੍ਹਾਂ ਦੀ ਮੰਗ ਵੱਲ ਗੌਰ ਨਾ ਕੀਤਾ ਗਿਆ ਤਾਂ ਉਹ ਡੇਰਾ ਬਿਆਸ ਦਾ ਘਿਰਾਉ ਕਰਨਗੇ।