ਡੇਰਾ ਰਾਧਾ ਸੁਆਮੀ ਦੇ ਮੁੱਖੀ ਨੂੰ ਬਲਦੇਵ ਸਿੰਘ ਸਿਰਸਾ ਦੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾ ਮੁੱਖੀ ਬਿਆਸ ਗੁਰਿੰਦਰ ਸਿੰਘ ਢਿੱਲੋਂ (ਰਾਧਾ ਸੁਆਮੀ ਸਤਸੰਗ ਬਿਆਸ) ਪਿੰਡ ਡੇਰਾ ਬਾਬਾ ਜੈਮਲ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਗਰੀਬ...

Warning of Baldev Singh Sirsa to head of Dera Radha Swami

ਚੰਡੀਗੜ੍ਹ : ਡੇਰਾ ਮੁੱਖੀ ਬਿਆਸ ਗੁਰਿੰਦਰ ਸਿੰਘ ਢਿੱਲੋਂ (ਰਾਧਾ ਸੁਆਮੀ ਸਤਸੰਗ ਬਿਆਸ) ਪਿੰਡ ਡੇਰਾ ਬਾਬਾ ਜੈਮਲ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਗਰੀਬ ਲੋਕਾਂ ਦੇ 2-2 ਮਰਲੇ ਦੇ ਪਲਾਟਾਂ ਅਤੇ 20-22 ਪਿੰਡਾਂ ਦੀ ਜ਼ਮੀਨ ਉਤੇ ਕਬਜ਼ਾ ਕਰਨ ਦੇ ਬਲਦੇਵ ਸਿੰਘ ਸਿਰਸਾ ਵਲੋਂ ਦੋਸ਼ ਲਗਾਏ ਗਏ ਹਨ। ਬਲਦੇਵ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਅਜਿਹੇ ਤੱਥ ਹਨ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਡੇਰਾ ਮੁੱਖੀ ਵਲੋਂ ਬਹੁਤੇ ਗਰੀਬ ਲੋਕਾਂ ਦੀ ਨਜਾਇਜ਼ ਤਰੀਕੇ ਨਾਲ ਜ਼ਮੀਨ ਕਬਜ਼ਾਈ ਗਈ ਹੈ।

ਨਾਲ ਹੀ ਉਨ੍ਹਾਂ ਨੇ ਡੇਰਾ ਮੁੱਖੀ ਨੂੰ ਚਿਤਾਵਨੀ ਦਿਤੀ ਹੈ ਕਿ ਉਨ੍ਹਾਂ ਦੀਆਂ ਕਰਤੂਤਾਂ ਦਾ ਕਾਲਾ ਚਿੱਠਾ ਉਹ ਲੋਕਾਂ ਦੇ ਸਾਹਮਣੇ ਉਜਾਗਰ ਕਰਕੇ ਰਹਿਣਗੇ। ਇਸ ਮਾਮਲੇ ਨੂੰ ਲੈ ਕੇ ਅੱਜ ਮੋਹਾਲੀ ਵਿਖੇ ਬਲਦੇਵ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਵਲੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਿਰਾਸਤ ਵਿਚ ਰੱਖਣ ਤੋਂ ਬਾਅਦ ਉਨ੍ਹਾਂ ਦੀ ਐਸਡੀਐਮ ਨਾਲ ਮੁਲਾਕਾਤ ਕਰਵਾਈ ਗਈ।

ਇਸ ਦੌਰਾਨ ਐਸਡੀਐਮ ਨੇ ਉਨ੍ਹਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਸਲੇ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਵਿਧਾਨ ਸਭਾ ਦਾ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਵਾਈ ਜਾਵੇਗੀ। ਬਲਦੇਵ ਸਿੰਘ ਸਿਰਸਾ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਬੀਤੇ ਕੱਲ ਉਹ ਅਪਣੇ ਸਾਥੀਆਂ ਨਾਲ ਅੰਮ੍ਰਿਤਸਰ ਤੋਂ ਮੋਹਾਲੀ ਲਈ ਚੱਲੇ ਸਨ।

ਮੋਹਾਲੀ ਪਹੁੰਚਣ ਉਪਰੰਤ ਉਨ੍ਹਾਂ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਜਾਣਾ ਸੀ ਪਰ ਡੇਰਾ ਮੁਖੀ ਅਤੇ ਕੁਝ ਸਿਆਸਤਦਾਨਾਂ ਦੀ ਮਿਲੀ ਭੁਗਤ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਰਾਤ ਭਰ ਪੁਲਿਸ ਥਾਣੇ ਦੇ ਵਿਚ ਰੱਖਿਆ। ਇਸ ਤੋਂ ਬਾਅਦ ਸਾਡੀ ਮੁਲਾਕਾਤ ਐਸਡੀਐਮ ਨਾਲ ਹੋਈ ਜਿਨ੍ਹਾਂ ਨੇ ਸਾਨੂੰ ਭਰੋਸਾ ਦਿਤਾ ਹੈ ਕਿ ਵਿਧਾਨ ਸਭਾ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਕਰਵਾਈ ਜਾਵੇਗੀ।

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਡੇਰਾ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨੇ 20-22 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਉਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕਈ ਪਿੰਡਾਂ ਦੇ ਗਰੀਬਾਂ ਦੇ 2-2 ਮਰਲਿਆਂ ਦੇ ਪਲਾਟਾਂ ਉਤੇ ਕਬਜ਼ਾ ਕੀਤਾ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਸਭ ਨਜਾਇਜ਼ ਹੁੰਦਾ ਵੇਖ ਸਮੇਂ-ਸਮੇਂ ‘ਤੇ ਕਾਰਵਾਈਆਂ ਵੀ ਕੀਤੀਆਂ ਹਨ। ਉਨ੍ਹਾਂ ਵਲੋਂ ਕਈ ਰਾਜਨੀਤਿਕ ਪਾਰਟੀਆਂ, ਹਾਈਕੋਰਟ, ਰਾਸ਼ਟਰੀ ਸ਼ੈਡਿਊਲ ਕਾਸਟ ਕਮਿਸ਼ਨ ਅਤੇ ਇੱਥੋਂ ਤੱਕ ਕਿ ਧਰਮਵੀਰ ਗਾਂਧੀ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੱਕ ਵੀ ਪਹੁੰਚ ਕੀਤੀ ਗਈ ਹੈ

ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਪਟਵਾਰੀਆਂ, ਪੁਲਿਸ ਪ੍ਰਸ਼ਾਸਨ ਅਤੇ ਕਈ ਰਾਜਨੀਤਿਕ ਪਾਰਟੀਆਂ ਮਿਲਕੇ ਅਪਣੇ ਲਾਲਚ ਕਰਕੇ ਸਾਡੀ ਆਵਾਜ਼ ਨੂੰ ਉੱਠਣ ਨਹੀਂ ਦੇ ਰਹੇ ਜਿਸ ਕਰਕੇ ਅਜੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ। ਸਿਰਸਾ ਨੇ ਸਬੂਤ ਵਿਖਾਉਂਦੇ ਹੋਏ ਦੱਸਿਆ ਕਿ ਵਡੈਚ ਪਿੰਡ ਦੀ ਜ਼ਮੀਨ ਨੂੰ ਲੈ ਕੇ ਹਾਈਕੋਰਟ ਵਿਚ ਪੁਟੀਸ਼ਨ ਦਾਇਰ ਕੀਤੀ ਗਈ ਸੀ। ਇਸ ਦੌਰਾਨ ਡੇਰਾ ਮੁੱਖੀ ਨੇ ਅਪਣੇ ਵਕੀਲ ਰਾਹੀਂ ਜਵਾਬ ਦਿਤਾ ਸੀ ਕਿ ਮੇਰਾ ਇਸ ਜ਼ਮੀਨ ਨਾਲ ਕੋਈ ਸਬੰਧ ਨਹੀਂ ਹੈ ਪਰ ਅਸਲੀਅਤ ਵਿਚ ਅੱਜ ਵੀ ਉਸ ਜ਼ਮੀਨ ਉਤੇ ਡੇਰਾ ਮੁੱਖੀ ਦਾ ਕਬਜ਼ਾ ਹੈ।

ਇਸੇ ਤਰ੍ਹਾਂ ਬਿਆਸ ਪਿੰਡ ਦੀ ਜ਼ਮੀਨ ਨੂੰ ਲੈ ਕੇ ਡੀਡੀਪੀਓ ਤੋਂ ਲੈ ਕੇ ਡਾਇਰੈਕਟਰ ਆਫ਼ ਪੰਚਾਇਤ ਵਿਭਾਗ ਤੱਕ ਪਹੁੰਚ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਆਰਮੀ ਦੀ ਜ਼ਮੀਨ ਜੋ ਕਿ ਡੇਰਾ ਮੁੱਖੀ ਦੀ ਕਬਜ਼ੇ ਵਿਚ ਹੈ ਉਸ ਦੇ ਲਈ ਆਰਮੀ ਤੱਕ ਵੀ ਪਹੁੰਚ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਡੇਰਾ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਸਿਆਸੀ ਪਾਰਟੀ ਵਲੋਂ ਪ੍ਰੋਮੋਟ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦੇ ਵਿਰੁਧ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ।

ਸਾਰੀਆਂ ਸਿਆਸੀ ਪਾਰਟੀਆਂ ਡੇਰੇ ਵਿਚ ਹਾਜ਼ਰੀਆਂ ਭਰਦੀਆਂ ਹਨ ਇੱਥੋਂ ਤੱਕ ਅਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਅਕਾਲੀ ਪਾਰਟੀ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਵੀ ਡੇਰੇ ਵਿਚ ਜਾ ਕੇ ਮੱਥਾ ਟੇਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਵੀ ਇਸ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਉਹ ਮੀਡੀਆ ਦੇ ਵੱਖ-ਵੱਖ ਮਾਧਿਅਮ ਰਾਹੀਂ ਵਿਸ਼ਵ ਭਰ ਵਿਚ ਲੋਕਾਂ ਨੂੰ ਅਪੀਲ ਕਰਨਗੇ ਕਿ ਉਹ ਉਨ੍ਹਾਂ ਦਾ ਸੱਚ ਦੀ ਲੜਾਈ ਵਿਚ ਸਾਥ ਦੇਣ।