ਬਾਰਸ਼ ਕਾਰਨ ਖ਼ਰੀਦ ਏਜੰਸੀਆਂ ਦੀ ਕਰੋੜਾਂ ਰੁਪਏ ਦੀ ਕਣਕ ਭਿੱਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਅੰਦਰ ਜਿਥੇ ਕਰੋੜਾਂ ਵਿਅਕਤੀ ਅੰਨ ਬਿਨਾਂ ਭੁੱਖੇ ਸੋ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਦੋ ਸਮੇਂ ਦਾ ਢਿੱਡ ਭਰਨ ਲਈ ਵੀ ਅਨਾਜ ਨਹੀਂ ਹੁੰਦਾ ਪਰ ਊਥੇ ਰਾਮਪੁਰਾ ਖੇਤਰ ...

Grains Soaked

ਰਾਮਪੁਰਾ ਫੂਲ : ਦੇਸ਼ ਅੰਦਰ ਜਿਥੇ ਕਰੋੜਾਂ ਵਿਅਕਤੀ ਅੰਨ ਬਿਨਾਂ ਭੁੱਖੇ ਸੋ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਦੋ ਸਮੇਂ ਦਾ ਢਿੱਡ ਭਰਨ ਲਈ ਵੀ ਅਨਾਜ ਨਹੀਂ ਹੁੰਦਾ ਪਰ ਊਥੇ ਰਾਮਪੁਰਾ ਖੇਤਰ ਅੰਦਰਲੀਆਂ ਖ਼ਰੀਦ ਏਜੰਸੀਆਂ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਖ਼ਰੀਦੇ ਅਨਾਜ ਨੂੰ ਖੁੱਲੇ ਅਸਮਾਨ ਥੱਲੇ ਮੀਂਹ ਵਿਚ ਭਿੱਜਣ ਲਈ ਛੱਡ ਕੇ ਅਪਣੀਆਂ ਜ਼ੁੰਮੇਵਾਰੀਆਂ ਤੋਂ ਫ਼ਾਰਗ ਹੋ ਰਹੀਆਂ ਹਨ।

 ਇਲਾਕੇ ਵਿਚ ਪਈ ਭਾਰੀ ਬਾਰਸ਼ ਦੌਰਾਨ ਪੱਤਰਕਾਰਾਂ ਵਲੋਂ ਵੇਖਿਆ ਗਿਆ ਕਿ ਸਰਕਾਰੀ ਖ਼ਰੀਦ ਏਜੰਸੀ ਮਾਰਕਫ਼ੈੱਡ, ਪਨਸਪ ਅਤੇ ਪਨਗ੍ਰੇਨ ਦੀ ਕਰੋੜਾਂ ਰੁਪਏ ਦੀ ਕਣਕ ਕੌਮੀ ਮਾਰਗ, ਭੂੰਦੜ ਰੋਡ, ਫੂਲ ਰੋਡ ਅਤੇ ਮੋੜ ਰੋਡ ਸਣੇ ਵੱਖੋ ਵਖਰੇ ਖੁੱਲ੍ਹੇ ਗੁਦਾਮਾਂ ਅੰਦਰ ਅਸਮਾਨ ਥੱਲੇ ਬਾਰਸ਼ ਨਾਲ ਲਗਾਤਾਰ ਭਿੱਜ ਰਹੀ ਸੀ। ਮਾਮਲੇ ਸਬੰਧੀ ਬਲਵਿੰਦਰ ਸਿੰਘ ਜੈਠੂਕੇ ਨੇ ਦਸਿਆ ਕਿ ਸਰਕਾਰ ਵਲੋਂ ਪਹਿਲਾਂ ਹੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕਣਕ ਨੂੰ ਖੁੱਲ੍ਹੇ ਗੁਦਾਮਾਂ ਅੰਦਰ ਨਾ ਲਗਾਇਆ ਜਾਵੇ ਪਰੰਤੂ ਅਧਿਕਾਰੀ ਅਪਣੀ ਮਨਮਰਜ਼ੀ ਨਾਲ ਕਣਕ ਨੂੰ ਖੁੱਲ੍ਹੇ ਅਸਮਾਲ ਥੱਲੇ ਲਗਾਉਂਦੇ ਹਨ ਜੋ ਅਦਾਲਤਾਂ ਦੇ ਹੁਕਮਾਂ ਦੀ ਜਿਥੇ ਅਣਦੇਖੀ ਹੈ,

ਉਥੇ ਉਕਤ ਕਣਕ ਬਾਰਸ਼ ਦੀ ਛਿੱਟ ਲੱਗਣ ਤੋਂ ਬਾਅਦ ਮਨੁੱਖੀ ਖਾਣਯੋਗ ਨਹੀਂ ਰਹਿ ਜਾਂਦੀ ਪਰ ਵਿਭਾਗ ਦੇ ਅਧਿਕਾਰੀ ਅਜਿਹੇ ਮੌਕਿਆਂ ਉਪਰ ਜਾਣਬੁਝ ਕੇ ਕਣਕ ਨੂੰ ਖੁੱਲ੍ਹੇ ਅਸਮਾਨ ਥੱਲੇ ਭਿੱਜਣ ਲਈ ਛੱਡ ਦਿੰਦੇ ਹਨ ਤਾਂ ਜੋ ਕਣਕ ਦਾ ਵਜਣ ਵੱਧ ਸਕੇ। ਲੋਕਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੀ ਸਰਕਾਰੀ ਕਣਕ ਦੀ ਸਾਂਭ ਸੰਭਾਲ ਲਈ ਹਰ ਇਕ ਵਿਭਾਗ ਵਲੋਂ ਅਜਿਹੇ ਖੁੱਲ੍ਹੇ ਗੁਦਾਮਾਂ ਅੰਦਰ ਅਨਾਜ ਨੂੰ ਕੁਦਰਤੀ ਕਰੋਪੀਆਂ ਤੋਂ ਬਚਾਉਣ ਲਈ ਮਜ਼ਦੂਰਾਂ ਦਾ ਖ਼ਾਸ ਪ੍ਰਬੰਧ ਕੀਤਾ ਹੁੰਦਾ ਹੈ।

ਜਿਨ੍ਹਾਂ ਦੇ ਲੱਖਾਂ ਰੁਪਏ ਖ਼ਰਚੇ ਪ੍ਰਤੀ ਮਹੀਨਾ ਵਿਭਾਗ ਦੇ ਅਧਿਕਾਰੀ ਪਾਉਂਦੇ ਹਨ ਪ੍ਰੰਤੂ ਅਜਿਹੇ ਖ਼ਰਚੇ ਸਿਰਫ਼ ਕਾਗ਼ਜ਼ਾਂ ਤਕ ਹੀ ਸੀਮਿਤ ਰਹਿ ਜਾਂਦੇ ਹਨ, ਜਦਕਿ ਮੌਕਾ ਆਉਣ 'ਤੇ ਅਨਾਜ ਨੂੰ ਕਰੋਪੀ ਅਪਣੀ ਬੁਕਲ ਵਿਚ ਲੈ ਲੈਂਦੀ ਹੈ। ਮਾਮਲੇ ਸਬੰਧੀ ਜਦ ਮਾਰਕਫ਼ੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨਾਲ ਗੱਲ ਕੀਤੀ ਤਦ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।