ਨੌਜਵਾਨ ਕਿਸਾਨ ਨੇ ਫਾਹਾ ਲੈ ਕੇ ਜਾਨ ਦਿਤੀ
ਨੇੜਲੇ ਪਿੰਡ ਕੋਟਬਖਤੂ ਵਿਖੇ ਇੱਕ ਕਰਜਾਈ ਕਿਸਾਨ ਦੇ ਪੁੱਤ ਵੱਲੋਂ ਖੇਤ ਵਿਚਲੇ ਟਿਊਬਵੈਲ ਦੀ ਸ਼ਾਫਟ ਨਾਲ ਲਟਕ ਕੇ ਫਾਹਾ ਲਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ...
ਰਾਮਾਂ ਮੰਡੀ, ਨੇੜਲੇ ਪਿੰਡ ਕੋਟਬਖਤੂ ਵਿਖੇ ਇੱਕ ਕਰਜਾਈ ਕਿਸਾਨ ਦੇ ਪੁੱਤ ਵੱਲੋਂ ਖੇਤ ਵਿਚਲੇ ਟਿਊਬਵੈਲ ਦੀ ਸ਼ਾਫਟ ਨਾਲ ਲਟਕ ਕੇ ਫਾਹਾ ਲਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਨਵਪ੍ਰੀਤ ਸਿੰਘ ਪੁੱਤਰ ਬੂਟਾ ਦਾਸ ਘਰ ਦੀ ਸਾਰੀ ²ਜੁੰਮੇਵਾਰੀ ਨੂੰ ਵੇਖਦਾ ਸੀ। ਉਹਨਾਂ ਕੋਲ ਸਿਰਫ ਦੋ ਏਕੜ ਹੀ ਜਮੀਨ ਹੈ ਜਿਸ 'ਚ ਵਾਹੀ ਕਰ ਕੇ ਨਵਦੀਪ ਸਿੰਘ ਗਰੀਬੀ ਨਾਲ ਘਰ ਦਾ ਗੁਜਾਰਾ ਚਲਾ ਰਿਹਾ ਸੀ
ਜਦਕਿ ਪਿਛਲੇ ਵਰ੍ਹੀ ਹੀ ਉਸ ਨੇ ਕਰੀਬ ਪੰਜ ਲੱਖ ਰੁਪਏ ਦਾ ਕਰਜਾ ਚੁੱਕ ਕੇ ਆਪਣੀ ਭੈਣ ਦਾ ਵਿਆਹ ਕੀਤਾ ਸੀ ਅਤੇ ਖੇਤੀ ਦੀ ਆਮਦਨ ਨਾਲ ਕਰਜਾ ਮੋੜਨਾ ਤਾਂ ਦੂਰ ਘਰ ਦਾ ਗੁਜਾਰਾ ਹੀ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਵਿਆਹ ਦੇ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਨਵਦੀਪ ਸਿੰਘ ਨੇ ਬੀਤੀ ਰਾਤ ਬਿਨ੍ਹਾ ਕਿਸੇ ਨੂੰ ਦੱਸੇ ਅਪਣੇ ਖੇਤ ਵਿਚ ਲੱਗੇ ਟਿਊਬਵੈਲ ਦੀ ਸ਼ਾਫਟ ਨਾਲ ਲਟਕ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਵਾਰਕ ਜੀਆਂ ਨੂੰ ਖੇਤ ਜਾ ਕੇ ਉਸ ਦੀ ਖੁਦਕਸ਼ੀ ਸਬੰਧੀ ਪਤਾ ਲੱਗਿਆ। ਪਿੰਡ ਦੀ ਪੰਚਾਇਤ, ਯੂਥ ਵੈਲਫੇਅਰ ਕਲੱਬ ਕੋਟਬਖਤੂ ਦੇ ਪ੍ਰਧਾਨ ਹਰਪ੍ਰੀਤ ਸਿੰਘ,
ਭਾਕਿਯੂ ਯੂਨੀਅਨ ਏਕਤਾਸਿੱਧੂਪੁਰ ਦੇ ਪਿੰਡ ਸੇਖੂ ਦੇ ਪ੍ਰਧਾਨ ਗੁਰਜੰਟ ਸਿੰਘ, ਬਲਾਕ ਸਕੱਤਰ ਲਖਵਿੰਦਰ ਸਿੰਘ ਸੇਖੂ ਅਤੇ ਦਰਸ਼ਨ ਸਿੰਘ ਲਾਲੇਆਣਾ ਨੇ ਨੌਜਵਾਨ ਕਿਸਾਨ ਪੁੱਤਰ ਨਵਦੀਪ ਸਿੰਘ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਰਕਾਰ ਤੋਂ ਕਿਸਾਨ ਦਾ ਸਾਰਾ ਕਰਜਾ ਮੁਆਫ ਕਰਨ ਅਤੇ ਗੁਜਾਰੇ ਲਈ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।