ਗੱਡੀ ਅੰਦਰ ਬੈਠ ਕੇ ਵੀ ਮਾਸਕ ਪਾਉਣਾ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਪਹੀਆ ਵਾਹਨ ’ਤੇ ਦੋਹਰੀ ਸਵਾਰੀ ’ਤੇ ਵੀ ਹੈ ਰੋਕ, ਸਿਰਫ਼ ਪਤੀ-ਪਤਨੀ ਹੋਣ ’ਤੇ ਛੋਟ 

Covid19

ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਤੋਂ ਤਾਲਾਬੰਦੀ ਦੌਰਾਨ ਲਾਗੂ ਪਾਬੰਦੀਆਂ ’ਤੇ ਛੋਟਾਂ ਦੇ ਸਬੰਧ ’ਚ ਸਥਿਤੀ ਸਾਫ਼ ਹੋਈ ਹੈ। ਸਰਕਾਰੀ ਤੌਰ ’ਤੇ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਮਾਸਕ ਪਾਉਣ ਦੀਆਂ ਪਾਬੰਦੀਆਂ ਤਹਿਤ ਗੱਡੀ ਚਲਾਉਂਦੇ ਸਮੇਂ ਵੀ ਅਤੇ ਗੱਡੀ ’ਚ ਬੈਠੇ ਹੋਰ ਲੋਕਾਂ ਲਈ ਵੀ ਮਾਸਕ ਪਾਉਣਾ ਜ਼ਰੂਰੀ ਹੈ।  

ਜ਼ਿਕਰਯੋਗ ਹੈ ਕਿ ਇਸ ਨੂੰ ਲੈ ਕੇ ਉਸ ਸਮੇਂ ਪਿਛਲੇ ਦਿਨੀਂ ਵਿਵਾਦ ਪੈਦਾ ਹੋ ਗਿਆ ਸੀ ਜਦੋਂ ਗੱਡੀ ’ਚ ਬਗ਼ੈਰ ਮਾਸਕ ਜਾ ਰਹੀ ਡਾਕਟਰ ਦਾ ਪੁਲਿਸ ਨੇ ਪਟਿਆਲਾ ’ਚ ਚਲਾਨ ਕਰ ਦਿਤਾ ਸੀ। ਜ਼ਿਲ੍ਹੇ ਦੇ ਸਿਵਲ ਸਰਜਨ ਨੇ ਇਸ ਨੂੰ ਗ਼ਲਤ ਦਸਦਿਆਂ ਐਸ.ਐਸ.ਪੀ. ਨੂੰ ਚਿੱਠੀ ਲਿਖੀ ਸੀ।

ਇਸ ਬਾਬਤ ਸਿਹਤ ਸਬੰਧੀ ਪਾਬੰਦੀਆਂ ਲਾਗੂ ਕਰਨ ਲਈ ਮਹਾਂਮਾਰੀ ਕੰਟਰੋਲ ਐਕਟ ਤਹਿਤ ਨਿਯੁਕਤ ਸੂਬਾ ਅਧਿਕਾਰੀ ਅਤੇ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਅਵਨੀਤ ਕੌਰ ਵਲੋਂ ਜਾਰੀ ਹੁਕਮਾਂ ’ਚ ਸਪੱਸ਼ਟ ਲਿਖਿਆ ਹੈ ਕਿ ਗੱਡੀ ਅੰਦਰ ਵੀ ਮਾਸਕ ਪਾਉਣਾ ਜ਼ਰੂਰੀ ਹੈ।

ਇਸ ਹੁਕਮ ਅਨੁਸਾਰ ਦਫ਼ਤਰਾਂ ਅੰਦਰ ਬੈਠਣ ਸਮੇਂ ਵੀ ਸੱਭ ਮੁਲਾਜ਼ਮਾਂ ਲਈ ਮਾਸਕ ਪਾਉਣਾ ਜ਼ਰੂਰੀ ਹੈ। ਇਸੇ ਤਰ੍ਹਾਂ ਦੁਪਹੀਆ ਵਾਹਨ ’ਤੇ ਦੋ ਸਵਾਰੀਆਂ ਬਿਠਾਉਣ ਸਬੰਧੀ ਹੁਕਮਾਂ ਬਾਰੇ ਵੀ ਟਰਾਂਸਪੋਰਟ ਮਹਿਕਮੇ ਨੇ ਸਪੱਸ਼ਟ ਕੀਤਾ ਹੈ ਕਿ ਦੁਪਹੀਆ ਵਾਹਨ ’ਤੇ ਦੋਹਰੀ ਸਵਾਰੀ ’ਤੇ ਰੋਕ ਹੈ।

ਪਰ ਪਤੀ-ਪਤਨੀ ਜਾਂ ਨਾਬਾਲਗ ਬੱਚਾ ਹੋਣ ਦੀ ਸੂਰਤ ’ਚ ਦੋਹਰੀ ਸਵਾਰੀ ਤੋਂ ਛੋਟ ਹੈ। ਇਸੇ ਤਰ੍ਹਾਂ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ’ਚ ਅਪਣੀ ਨਿਜੀ ਗੱਡੀ ’ਤੇ ਜਾਣ ਸਬੰਧੀ ਹੁਕਮ ਸਬੰਧੀ ਵੀ ਸਥਿਤੀ ਸਪੱਸ਼ਟ ਹੋਈ ਹੈ ਕਿ ਇਸ ਲਈ ਕੋਵਾ ਐਪ ਹੋਣਾ ਅਤੇ ਉਸ ’ਚ ਸਵੈ ਤੌਰ ’ਤੇ ਤਿਆਰ ਈ-ਪਾਸ ਹੋਣਾ ਜ਼ਰੂਰੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।