ਨਕਲੀ ਖਾਦ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਖੇਤੀਬਾੜੀ ਵਿਭਾਗ ਨੇ ਫੈਕਟਰੀ ਕੀਤੀ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੈਕਟਰੀ ਸੰਚਾਲਕਾਂ ਖ਼ਿਲਾਫ਼ ਪ੍ਰਦਰਸ਼ਨ ਦੀ ਤਿਆਰੀ ਵਿਚ ਕਿਸਾਨ

Raid on fake fertilizer factory at Ludhiana


ਲੁਧਿਆਣਾ: ਜ਼ਿਲ੍ਹੇ ਦੇ ਸ਼ਹਿਰ ਦੋਰਾਹਾ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਨਕਲੀ ਖਾਦ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ ਮਾਰਿਆ ਹੈ। ਇਸ ਦੌਰਾਨ ਅਧਿਕਾਰੀਆਂ ਨੇ ਖਾਦ ਨੂੰ ਜ਼ਬਤ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਵਿਚ 9 ਤਰ੍ਹਾਂ ਦੀ ਖਾਦ ਬਣਾ ਕੇ ਮਾਰਕਿਟ ਵਿਚ ਸਪਲਾਈ ਕੀਤੀ ਜਾ ਰਹੀ ਸੀ। ਫੈਕਟਰੀ ਵਿਚੋਂ ਨਕਲੀ ਖਾਦ ਦੀ ਸਪਲਾਈ ਦਾ ਮਾਮਲਾ ਕਾਫੀ ਗਰਮਾ ਗਿਆ, ਜਿਸ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਫੈਕਟਰੀ ਸੰਚਾਲਕਾਂ ਖ਼ਿਲਾਫ਼ ਧਰਨਾ ਲਗਾਉਣ ਦੀ ਤਿਆਰੀ ਵਿਚ ਹਨ। ਇਸ ਨੂੰ ਲੈ ਕੇ ਦੋਰਾਹਾ ਪੁਲਿਸ ਵੀ ਅਲਰਟ ਹੈ।

Raid on fake fertilizer factory at Ludhiana

ਦਰਅਸਲ ਦੋਰਾਹਾ ਵਿਚ ਜੀਟੀ ਰੋਡ ’ਤੇ ਯੂਨੀਵਰਸਲ ਕ੍ਰਾਪ ਪ੍ਰੋਟੈਕਸ਼ਨ ਦੇ ਨਾਂਅ ਦੀ ਕੰਪਨੀ ਸਥਿਤ ਹੈ। ਫੈਕਟਰੀ ਵਿਚ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਨਰਿੰਦਰਪਾਲ ਸਿੰਘ ਬੈਨੀਪਾਲ ਅਤੇ ਦੋਰਾਹਾ ਦੇ ਰਾਮ ਸਿੰਘ ਪਾਲ ਦੀ ਸਾਂਝੀ ਟੀਮ ਨੇ ਛਾਪੇਮਾਰੀ ਕੀਤੀ। ਉਹਨਾਂ ਨਾਲ ਦੋਰਾਹਾ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਰਹੇ। ਇੱਥੇ ਭਾਰੀ ਮਾਤਰਾ ਵਿਚ 9 ਤਰ੍ਹਾਂ ਦੀ ਜਾਅਲੀ ਖਾਦ ਫੜੇ ਜਾਣ ਤੋਂ ਬਾਅਦ ਕਿਸਾਨ ਅਪਣੀਆਂ ਫਸਲਾਂ ਨੂੰ ਲੈ ਕੇ ਚਿੰਤਤ ਹਨ।

Raid on fake fertilizer factory at Ludhiana

ਸੂਤਰਾਂ ਅਨੁਸਾਰ ਇਸ ਫੈਕਟਰੀ ਕੋਲ ਸਿਰਫ ਇਕ ਪ੍ਰੋਡਕਟ ਬਣਾ ਕੇ ਉਸ ਨੂੰ ਨੇਪਾਲ ਭੇਜਣ ਦਾ ਲਾਈਸੈਂਸ ਹੈ। ਬਾਕੀ ਉਤਪਾਦ ਬਿਨ੍ਹਾਂ ਮਨਜੂਰੀ ਬਣਾਏ ਜਾ ਰਹੇ ਸਨ। ਅਧਿਕਾਰੀ ਦੱਸਦੇ ਹਨ ਕਿ ਇਹਨਾਂ ਵਿਚ ਕੈਲਸ਼ੀਅਮ, ਸਲਫਰ, ਪੋਟਾਸ਼, ਪ੍ਰੋਟੀਨ ਅਤੇ ਕਈ ਹੋਰ ਤਰਲ ਪਦਾਰਥ ਸ਼ਾਮਲ ਹਨ। ਕੱਚੇ ਮਾਲ ਤੋਂ ਇਲਾਵਾ ਫੈਕਟਰੀ ਵਿਚ ਭਾਰੀ ਗਿਣਤੀ ਵਿਚ ਬੋਤਲਾਂ, ਪੈਕਟ ਅਤੇ ਪੇਟੀਆਂ ਮਿਲੀਆਂ ਹਨ। ਨਰਿੰਦਰਪਾਲ ਸਿੰਘ ਬੈਨੀਪਾਲ ਨੇ ਕਿਹਾ ਕਿ ਵਿਭਾਗ ਇਸ ਫੈਕਟਰੀ ’ਤੇ ਵੱਡੀ ਕਾਰਵਾਈ ਕਰ ਰਿਹਾ ਹੈ। ਫੈਕਟਰੀ ਸੰਚਾਲਕਾਂ ਕੋਲੋਂ ਪੁੱਛਗਿੱਛ ਕਰਕੇ ਉਹਨਾਂ ਦੇ ਹੋਰ ਟਿਕਾਣਿਆਂ ਉੱਤੇ ਵੀ ਛਾਪੇਮਾਰੀ ਕੀਤੀ ਜਾਵੇਗੀ।