PAU ਵਿਖੇ ਖੇਤੀ ਪੱਤਰਕਾਰੀ ਦੇ ਡਿਗਰੀ ਕੋਰਸ ਲਈ ਅੰਤਿਮ ਮਿਤੀ ਵਿਚ 17 ਜੁਲਾਈ ਤੱਕ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਗਰੀ ਪ੍ਰੋਗਰਾਮ ਲਈ ਲੇਟ ਫੀਸ ਨਾਲ 21 ਜੁਲਾਈ 2020 ਤੱਕ ਬਿਨੈਪੱਤਰ ਦਿੱਤਾ ਜਾ ਸਕਦਾ ਹੈ।

PAU

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਪੱਤਰਕਾਰੀ ਵਿਭਾਗ ਵਿਖੇ ਮਾਸਟਰਜ਼ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ (ਐਮ.ਜੇ.ਐਮ.ਸੀ.) ਦੇ ਦੋ ਸਾਲ ਦੇ ਡਿਗਰੀ ਪ੍ਰੋਗਰਾਮ ਵਿਚ ਦਾਖਲੇ ਲਈ ਬਿਨੈਪੱਤਰ ਭੇਜਣ ਦੀ ਅੰਤਿਮ ਤਰੀਕ ਵਿਚ 17 ਜੁਲਾਈ 2020 ਤੱਕ ਦਾ ਵਾਧਾ ਕੀਤਾ ਗਿਆ ਹੈ।

ਇਸੇ ਡਿਗਰੀ ਪ੍ਰੋਗਰਾਮ ਲਈ ਲੇਟ ਫੀਸ ਨਾਲ 21 ਜੁਲਾਈ 2020 ਤੱਕ ਬਿਨੈਪੱਤਰ ਦਿੱਤਾ ਜਾ ਸਕਦਾ ਹੈ। 11 ਅਗਸਤ 2020 ਨੂੰ ਮਾਸਟਰ ਐਂਟਰੈਸ ਟੈਸਟ ਹੋਵੇਗਾ। ਇਸ ਟੈਸਟ ਲਈ ਘੱਟੋ ਘੱਟ ਵਿਦਿਅਕ ਯੋਗਤਾ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀ ਜਾਂ ਫਿਰ ਪੱਤਰਕਾਰੀ ਡਿਪਲੋਮੇ ਵਿਚ ਦੂਜੇ ਦਰਜੇ ਵਿਚ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ।

ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਵਿਚ 7 ਸੀਟਾਂ ਹਨ। ਖੇਤੀ ਦੇ ਸਮੁੱਚੇ ਵਿਕਾਸ ਲਈ ਪੱਤਰਕਾਰੀ ਦਾ ਇਹ ਕਿੱਤਾ-ਮੁਖੀ ਕੋਰਸ ਨੌਜਵਾਨ ਪੀੜੀ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਕੋਰਸ ਨੂੰ ਕਰਨ ਉਪਰੰਤ ਦੇਸ਼-ਵਿਦੇਸ਼ ਦੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿਚ ਰੁਜਗਾਰ ਦੇ ਅਨੇਕਾਂ ਮੌਕੇ ਹਾਸਲ ਹੋ ਜਾਂਦੇ ਹਨ।

ਇਸ ਵਿਭਾਗ ਵਿਚੋਂ ਡਿਗਰੀ ਕਰਕੇ ਕਈ ਸਾਬਕਾ ਵਿਦਿਆਰਥੀ ਵੱਖੋਂ-ਵੱਖ ਮੀਡੀਆ ਸੰਗਠਨਾਂ ਵਿਚ ਉਚ ਅਹੁਦਿਆਂ ਤੇ ਤਾਇਨਾਤ ਰਹੇ ਹਨ । ਪੀ.ਏ.ਯੂ ਲਗਾਤਾਰ ਉਚ ਕੋਟੀ ਦੇ ਪੱਤਰਕਾਰ ਪੈਦਾ ਕਰਕੇ ਖੇਤੀ ਨੂੰ ਦਰਪੇਸ਼ ਸੰਕਟਾਂ ਨੂੰ ਉਭਾਰਨ, ਪੀ.ਏ.ਯੂ. ਵਲੋਂ ਵਿਕਸਿਤ ਕੀਤੀਆਂ ਨਵੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ, ਕਿਸਾਨਾਂ ਦੀ ਫੀਡਬੈਕ ਨੂੰ ਮਾਹਿਰਾਂ ਤੱਕ ਪਹੁੰਚਾਉਣ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ।

ਇਸੇ ਵਿਭਾਗ ਤੋਂ ਪੱਤਰਕਾਰੀ ਵਿਚ ਸਿੱਖਿਆ ਹਾਸਲ ਕਰਨ ਵਾਲੇ ਕੁਝ ਪ੍ਰਸਿੱਧ ਨਾਮਾਂ ਵਿਚ ਬਿਜ਼ਨਸ ਸਟੈਂਡਰਡ ਦੇ ਪਹਿਲੇ ਖੇਤੀਬਾੜੀ ਸੰਪਾਦਕ ਸ੍ਰੀ ਸੁਰਿੰਦਰ ਸੂਦ, ਦ ਟ੍ਰਿਬਿਊਨ ਦੇ ਸਾਬਕਾ ਬਿਊਰੋ ਚੀਫ ਸ੍ਰੀ ਪੀ ਪੀ ਐਸ ਗਿੱਲ ਅਤੇ ਹਿੰਦੋਸਤਾਨ ਟਾਈਮਜ਼ ਦੇ ਸੰਪਾਦਕ ਸ੍ਰੀ ਰਮੇਸ਼ ਵਿਨਾਯਕ ਦਾ ਜ਼ਿਕਰ ਕੀਤਾ ਜਾ ਸਕਦਾ ਹੈ।

ਮਿਹਨਤੀ ਅਤੇ ਯੋਗ ਅਮਲੇ ਵਾਲਾ ਪੱਤਰਕਾਰੀ ਵਿਭਾਗ ਦੋ ਸਾਲਾ ਡਿਗਰੀ ਪ੍ਰੋਗਰਾਮ ਦੌਰਾਨ ਸਿਧਾਂਤਕ ਸਿੱਖਿਆ ਦੇ ਨਾਲ-ਨਾਲ ਵਿਹਾਰਕ ਸਿਖਲਾਈ ਦੇ ਮੌਕੇ ਵੀ ਮੁਹੱਈਆ ਕਰਵਾਉਂਦਾ ਹੈ। ਇਸ ਸੰਬੰਧੀ ਹੋਰ ਕਿਸੇ ਵੀ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈਬਸਾਈਟ ਤੇ ਲਾਗਇਨ ਕੀਤਾ ਜਾ ਸਕਦਾ ਹੈ।