ਬੇਅਦਬੀ ਮਾਮਲੇ ‘ਚ ਐਸਆਈਟੀ ਜਾਂਚ ‘ਤੇ ਰੋਕ ਲਗਾਉਣ ਲਈ CBI ਨੇ ਕੀਤਾ ਅਦਾਲਤ ਦਾ ਰੁਖ

ਏਜੰਸੀ

ਖ਼ਬਰਾਂ, ਪੰਜਾਬ

ਸੂਬਾ ਸਰਕਾਰ ਵੱਲੋਂ ਗਠਿਤ SIT ਵੱਲੋਂ ਕੀਤੀ ਜਾ ਰਹੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ‘ਤੇ ਰੋਕ ਲਗਾਉਣ ਦੀ ਅਪੀਲ ‘ਤੇ ਨੋਟਿਸ ਜਾਰੀ ਕੀਤਾ ਹੈ।

Central Bureau of Investigation

ਚੰਡੀਗੜ੍ਹ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੀਤੇ ਦਿਨ ਪੰਜਾਬ ਸਰਕਾਰ ਨੂੰ ਸੂਬਾ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ‘ਤੇ ਰੋਕ ਲਗਾਉਣ ਦੀ ਅਪੀਲ ‘ਤੇ ਨੋਟਿਸ ਜਾਰੀ ਕੀਤਾ ਹੈ।

ਮਾਮਲੇ ਨੂੰ 10 ਜੁਲਾਈ ਤੱਕ ਮੁਲਤਵੀ ਕਰਦੇ ਹੋਏ ਵਿਸ਼ੇਸ਼ ਨਿਆਂਇਕ ਮੈਜਿਸਟਰੇਟ ਜੀਐਸ ਸੇਖੋਂ ਨੇ ਕਿਹਾ ਕਿ, ‘ਸੀਬੀਆਈ ਵੱਲੋਂ ਨੋਟਿਸ ਜਾਰੀ ਕਰਨ ਅਤੇ ਬੇਅਦਬੀ ਮਾਮਲੇ ਵਿਚ ਸਮਾਨਾਂਤਰ ਜਾਂਚ ਦੇ ਸਬੰਧ ਵਿਚ ਪੰਜਾਬ ਪੁਲਿਸ ਦੀ ਐਸਆਈਟੀ ਤੋਂ ਰਿਪੋਰਟ ਮੰਗਵਾਉਣ ਦੀ ਮੰਗ ਕੀਤੀ ਗਈ ਹੈ’। 

ਦੱਸ ਦਈਏ ਕਿ ਕੇਂਦਰੀ ਜਾਂਚ ਬਿਊਰੋ ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿਚ ਕੀਤੀ ਜਾ ਰਹੀ ਬੇਅਦਬੀ ਮਾਮਲੇ ਦੀ ਜਾਂਚ ‘ਤੇ ਰੋਕ ਲਗਾਉਣ ਲਈ ਅਦਾਲਤ ਦਾ ਰੁਖ ਕੀਤਾ ਹੈ। ਸੀਬੀਆਈ ਦਾ ਕਹਿਣਾ ਹੈ ਕਿ ਇਕ ਮਾਮਲੇ ਵਿਚ ਦੋ ਏਜੰਸੀਆਂ ਇਕੋ ਸਮੇਂ ਜਾਂਚ ਨਹੀਂ ਕਰ ਸਕਦੀਆਂ। 

ਸੀਬੀਆਈ ਦੇ ਵਧੀਕ ਪੁਲਿਸ ਸੁਪਰਡੈਂਟ ਅਨਿਲ ਕੁਮਾਰ ਨੇ ਮੰਗਲਵਾਰ ਦੇਰ ਸ਼ਾਮ ਸੀਬੀਆਈ, ਮੁਹਾਲੀ ਦੇ ਵਿਸ਼ੇਸ਼ ਨਿਆਂਇਕ ਮੈਜਿਸਟਰੇਟ ਜੀਐਸ ਸੇਖੋਂ ਦੀ ਅਦਾਲਤ ਨੂੰ ਇਕ ਈਮੇਲ ਭੇਜ ਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਬੇਅਦਬੀ ਮਾਮਲੇ ਦੀ ਜਾਂਚ ‘ਤੇ ਰੋਕ ਲਗਾਉਣ ਦੇ ਆਦੇਸ਼ਾਂ ਦੀ ਮੰਗ ਕੀਤੀ ਹੈ।