ਰਾਜ ਕੁਮਾਰੀ ਦੀ ਸ਼ਿਕਾਇਤ 'ਤੇ 23 ਨਾਮਵਰ ਹਸਤੀਆਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਮਜ਼ਦ ਮਰਦ-ਔਰਤਾਂ 'ਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਾਮਲ!

Maharaja Faridkot

ਕੋਟਕਪੂਰਾ: ਪਿਛਲੇ ਲੰਮੇ ਸਮੇਂ ਤੋਂ ਅਦਾਲਤੀ ਪ੍ਰਕਿਰਿਆ 'ਚ ਘਿਰੀ ਅਤੇ ਮੀਡੀਏ ਦੀਆਂ ਸੁਰਖ਼ੀਆਂ ਬਣ ਰਹੀ 'ਮਹਾਰਾਜਾ ਫ਼ਰੀਦਕੋਟ' ਦੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੇ ਮਾਮਲੇ 'ਚ ਸਿਟੀ ਥਾਣਾ ਫ਼ਰੀਦਕੋਟ ਦੀ ਪੁਲਿਸ ਨੇ ਮਹਾਰਾਜੇ ਦੀ ਬੇਟੀ ਰਾਜ ਕੁਮਾਰੀ ਅੰਮ੍ਰਿਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮਹਾਰਵਲ ਖੇਵਾ ਜੀ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਸਮੇਤ ਕੁੱਲ 23 ਵਿਅਕਤੀਆਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਉਕਤ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਨਾਮਜ਼ਦ ਵਿਅਕਤੀ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ ਅਤੇ ਇਲਾਕੇ ਦੀਆਂ ਨਾਮਵਰ ਹਸਤੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਕੁਮਾਰੀ ਅੰਮ੍ਰਿਤ ਕੌਰ ਪਤਨੀ ਸਵ: ਹਰਪਾਲ ਸਿੰਘ ਵਾਸੀ ਸੈਕਟਰ-11 ਚੰਡੀਗੜ੍ਹ ਨੇ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਨੂੰ ਦਿਤੀ ਸ਼ਿਕਾਇਤ 'ਚ ਦਸਿਆ ਕਿ ਮਹਾਰਾਜਾ ਫਰੀਦਕੋਟ ਵਲੋਂ ਬਣਾਏ ਗਏ ਮਹਾਰਵਲ ਖੇਵਾ ਜੀ ਟਰੱਸਟ ਦੇ ਚੇਅਰਮੈਨ ਜੈਚੰਦ ਮਹਿਤਾਬ, ਉਪ ਚੇਅਰਮੈਨ ਨਿਸ਼ਾ ਡੀ ਖੇਰ, ਸੀਈਓ ਜਗੀਰ ਸਿੰਘ ਸਰਾਂ, ਐਡਵੋਕੇਟ ਨਵਜੋਤ ਸਿੰਘ ਬਹਿਣੀਵਾਲ, ਐਡਵੋਕੇਟ ਪਰਮਜੀਤ ਸਿੰਘ ਸੰਧੂ, ਕੈਸ਼ੀਅਰ ਸੰਤੋਸ਼ ਕੁਮਾਰ ਤੇ ਉਸਦੀ ਪਤਨੀ, ਲਲਿਤ ਮੋਹਨ ਗੁਪਤਾ ਸਮੇਤ 23 ਵਿਅਕਤੀਆਂ ਨੇ ਸਾਜ਼ਬਾਜ਼ ਕਰ ਕੇ ਜਾਅਲੀ ਵਸੀਅਤਨਾਮੇ ਦੇ ਆਧਾਰ 'ਤੇ ਧੋਖਾਧੜੀ, ਜਾਅਲਸਾਜ਼ੀ ਅਤੇ ਅਮਾਨਤ ਵਿਚ ਖ਼ਿਆਨਤ ਕਰ ਕੇ ਜਾਇਦਾਦ ਸਬੰਧੀ ਧੋਖਾਧੜੀ ਕੀਤੀ ਹੈ।

ਜ਼ਿਲ੍ਹਾ ਪੁਲਿਸ ਮੁਖੀ ਨੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਤੋਂ ਪੜਤਾਲ ਕਰਵਾ ਕੇ ਜ਼ਿਲ੍ਹਾ ਅਟਾਰਨੀ ਅੰਮ੍ਰਿਤ ਗੋਕਲਾਨੀ ਤੋਂ ਕਾਨੂੰਨੀ ਰਾਇ ਲੈਣ ਉਪਰੰਤ ਪੁਲਿਸ ਨੂੰ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ। ਸਿਟੀ ਥਾਣਾ ਫ਼ਰੀਦਕੋਟ ਦੇ ਐਸਐਚਓ ਰਾਜੇਸ਼ ਕੁਮਾਰ ਨੇ ਦਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ 23 ਮਰਦ/ਔਰਤਾਂ ਵਿਰੁਧ  ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਮਾਮਲੇ 'ਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਕਰੀਬ ਸਵਾ ਮਹੀਨਾ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੇ ਮਾਮਲਿਆਂ 'ਚ ਦਾਖਲ ਅਪੀਲਾਂ ਖਾਰਜ ਕਰਦਿਆਂ ਅਹਿਮ ਫੈਸਲਾ ਸੁਣਾਇਆ ਸੀ। ਫੈਸਲੇ ਵਿੱਚ ਆਖਿਆ ਗਿਆ ਸੀ ਕਿ ਜੇਠੇ ਅਧਿਕਾਰ ਕਾਨੂੰਨ ਦੇ ਆਧਾਰ 'ਤੇ ਮਹਾਰਾਜਾ ਹਰਿੰਦਰ ਸਿੰਘ ਦੀ ਨਿਜੀ ਤੇ ਅਸਟੇਟ ਜਾਇਦਾਦ 'ਤੇ ਦਾਅਵੇ ਖਾਰਜ ਕੀਤੇ ਜਾਂਦੇ ਹਨ, ਹਾਲਾਂਕਿ ਅਪੀਲ ਕਰਤਾ ਮਹਾਰਾਣੀ ਮੋਹਿੰਦਰ ਕੌਰ ਵਲੋਂ 29 ਮਾਰਚ 1990 ਨੂੰ ਕੀਤੀ ਵਸੀਅਤ ਮੁਤਾਬਕ ਅਪਣੇ ਹਿੱਸੇ ਦੇ ਹੱਕਦਾਰ ਹੋਣਗੇ।

ਮਹਾਰਾਣੀ ਮੋਹਿੰਦਰ ਕੌਰ, ਮਹਾਰਾਜਾ ਹਰਿੰਦਰ ਸਿੰਘ ਦੇ ਮਾਤਾ ਸਨ ਤੇ ਉਨ੍ਹਾਂ ਵਲੋਂ 29 ਮਾਰਚ 1990 ਨੂੰ ਕੀਤੀ ਗਈ ਵਸੀਅਤ ਰਾਜਾ ਹਰਿੰਦਰ ਸਿੰਘ ਦੀ 16 ਅਕਤੂਬਰ 1989 ਨੂੰ ਹੋਈ ਮੌਤ ਤੋਂ ਬਾਅਦ ਕੀਤੀ ਗਈ ਸੀ ਤੇ ਮਹਾਰਾਣੀ ਮੋਹਿੰਦਰ ਕੌਰ ਰਾਜੇ ਦੀ ਜਾਇਦਾਦ ਦੀ ਅਸਲ ਕਾਨੂੰਨੀ ਵਾਰਸ ਸੀ। ਹਾਈ ਕੋਰਟ ਨੇ ਮਹਾਰਾਜੇ ਦੀ ਜਾਇਦਾਦ ਸਬੰਧੀ 1 ਜੂਨ 1982 ਨੂੰ ਕੀਤੀ ਵਸੀਅਤ ਨੂੰ ਜਾਅਲੀ ਤੇ ਸ਼ੱਕੀ ਹਾਲਾਤਾਂ ਵਾਲੀ ਕਰਾਰ ਦਿੰਦਿਆਂ ਆਖਿਆ ਸੀ ਕਿ ਹੇਠਲੀ ਅਦਾਲਤ ਨੇ ਵੀ ਇਹ ਵਸੀਅਤ ਸਹੀ ਤਰੀਕੇ ਨਾਲ ਜਾਅਲੀ ਕਰਾਰ ਦਿਤੀ ਸੀ ਤੇ ਨਾਲ ਹੀ ਜਿਸ ਟਰੱਸਟ ਦੀ ਗੱਲ ਆਖੀ ਜਾ ਰਹੀ ਹੈ

ਉਹ ਹੋਂਦ 'ਚ ਹੀ ਨਹੀਂ ਸੀ। ਹਾਈ ਕੋਰਟ ਨੇ ਮਹਾਰਾਣੀ ਦੀਪਿੰਦਰ ਕੌਰ, ਰਾਜ ਕੁਮਾਰੀ ਅੰਮ੍ਰਿਤ ਕੌਰ ਤੇ ਮਹਿਰਾਵਲ ਟਰੱਸਟ ਦੀਆਂ ਅਪੀਲਾਂ ਖਾਰਜ ਕਰਦਿਆਂ ਉਕਤ ਵਿਵਸਥਾ ਦਿਤੀ ਸੀ ਤੇ ਮਹਾਰਾਣੀ ਮੋਹਿੰਦਰ ਕੌਰ ਨੂੰ ਰਾਜਾ ਹਰਿੰਦਰ ਸਿੰਘ ਦਾ ਅਸਲ ਵਾਰਸ ਕਰਾਰ ਦਿੰਦਿਆਂ ਮੋਹਿੰਦਰ ਕੌਰ ਦੀ ਵਸੀਅਤ ਨੂੰ ਸਹੀ ਕਰਾਰ ਦਿੰਦਿਆਂ ਉਸ ਮੁਤਾਬਕ ਹਿੱਸੇਦਾਰਾਂ ਨੂੰ ਜਾਇਦਾਦ ਦਾ ਹੱਕਦਾਰ ਠਹਿਰਾਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।