ਨਾਭਾ ਜੇਲ੍ਹ ਬ੍ਰੇਕ ਮਾਸਟਰ ਮਾਈਂਡ ਰੋਮੀ ਨੂੰ ਭਾਰਤ ਲਿਆਉਣ ਦੀ ਤਿਆਰੀ
ਭਾਰਤ ਸਰਕਾਰ ਹਾਂਗ ਕਾਂਗ ਕੋਲੋਂ ਬਹੁ ਚਰਚਿਤ ਨਾਭਾ ਜੇਲ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਮੰਨੇ ਜਾਂਦੇ ਰਮਨਜੀਤ ਰੋਮੀ ਦੀ ਆਰਜੀ ਸਪੁਰਦਗੀ ਲੈਣ ਦੀ ਤਿਆਰੀ ਕਰ ਰਹੀ ਹੈ
ਚੰਡੀਗੜ੍ਹ, ਭਾਰਤ ਸਰਕਾਰ ਹਾਂਗ ਕਾਂਗ ਕੋਲੋਂ ਬਹੁ ਚਰਚਿਤ ਨਾਭਾ ਜੇਲ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਮੰਨੇ ਜਾਂਦੇ ਰਮਨਜੀਤ ਰੋਮੀ ਦੀ ਆਰਜੀ ਸਪੁਰਦਗੀ ਲੈਣ ਦੀ ਤਿਆਰੀ ਕਰ ਰਹੀ ਹੈ। ਰੋਮੀ ਪੰਜਾਬ ਵਿਚ ਟਾਰਗੇਟ ਕਿਲਿੰਗ੍ਸ ਤੇ ਕਈ ਹੋਰ ਅਪਰਾਧਿਕ ਗਤੀਵਿਧੀਆਂ ਲਈ ਵੀ ਇੰਟਰਪੋਲ ਨੂੰ ਲੋੜੀਂਦਾ ਹੈ। ਸੂਤਰਾਂ ਦੀ ਮੰਨੀਏ ਤਾਂ ਰੋਮੀ ਕੋਲੋਂ ਰੈਫਰੈਂਡਮ 2020 ਦੇ ਸਬੰਧ ਵਿਚ ਪੁੱਛਗਿੱਛ ਕੀਤੀ ਜਾਣੀ ਹੈ। ਦੱਸ ਦਈਏ ਕਿ ਰੈਫਰੈਂਡਮ ਦੇ ਪ੍ਰਬੰਧਕਾਂ ਨਾਲ ਰੋਮੀ ਦੇ ਸਬੰਧ ਦੀ ਸੂਹ ਭਾਰਤੀ ਏਜੰਸੀ ਨੂੰ ਲੱਗੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤੀ ਸੁਰੱਖਿਆ ਏਜੰਸੀਆਂ ਦੇ ਹੱਥ ਜਰਮਨੀ ਇੰਗਲੈਂਡ ਤੇ ਕਨੇਡਾ ਨਾਲ ਸਬੰਧਤ ਰੈਫਰੈਂਡਮ ਪ੍ਰਬੰਧਕਾਂ ਤੇ ਗਰਮ ਦਲੀਆ ਦਾ ਪੰਜਾਬ ਵਿਚ ਸਰਗਰਮ ਗੈਂਗਸਟਰਾਂ ਨਾਲ ਵੀ ਕੋਈ ਕੜੀ ਜੁੜੀ ਹੋਣ ਤਕ ਵੀ ਪਹੁੰਚ ਗਏ ਹਨ। ਰੋਮੀ ਦੀ ਸਪੁਰਦਗੀ ਦੇਣ ਵਾਸਤੇ ਭਾਰਤੀ ਅਥਾਰਟੀਆਂ 17 ਅਗਸਤ ਤੋਂ ਪਹਿਲਾਂ ਪਹਿਲਾਂ ਲੋੜੀਂਦੇ ਦਸਤਾਵੇਜ਼ ਹਾਂਗ ਕਾਂਗ ਅਦਾਲਤ 'ਚ ਦਾਇਰ ਕਰਨ ਜਾ ਰਹੀਆਂ ਹਨ ਅਤੇ 23 ਅਗਸਤ ਨੂੰ ਹੋਣ ਵਾਲੀ ਸੁਣਵਾਈ 'ਚ ਫੈਸਲਾ ਆਉਣ ਦੀ ਸੰਭਾਵਨਾ ਹੈ। ਰੋਮੀ ਨੂੰ ਹਾਂਗ ਕਾਂਗ 'ਚ ਫਰਵਰੀ ਮਹੀਨੇ 32.6 ਮਿਲੀਅਨ ਹਾਂਗ ਕਾਂਗ ਡਾਲਰ ਦੀ ਡਕੈਤੀ ਦੇ ਮਾਮਲੇ ਚ ਗਿਰਫ਼ਤਾਰ ਕੀਤਾ ਗਿਆ ਸੀ।
ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਪੁਲਿਸ ਨੇ ਵੀ ਕਰੀਬ 1000 ਤੋਂ ਵੱਧ ਪੰਨਿਆਂ ਦਾ ਕੇਸ ਤਿਆਰ ਕੀਤਾ ਹੈ ਤਾਂ ਜੋ ਰੋਮੀ ਦੀ ਹਿਰਾਸਤ ਯਕੀਨੀ ਹੋ ਸਕੇ। ਇਸ ਸਬੰਧ ਵਿਚ ਪੰਜਾਬ ਅਤੇ ਕੇਂਦਰੀ ਏਜੰਸੀਆਂ ਨਾਲ ਸਬੰਧਤ ਕੁਝ ਸੀਨੀਅਰ ਇੰਟੈਲੀਜੈਂਸ ਅਫਸਰ ਰੋਮੀ ਦੀ ਸਪੁਰਦਗੀ ਲਈ ਦਬਾਅ ਬਣਾਉਣ ਵਾਸਤੇ ਹਾਂਗ ਕਾਂਗ ਵੀ ਜਾ ਕੇ ਆਏ ਹਨ। ਜਿਸ ਤਹਿਤ ਉਥੇ ਰੋਮੀ ਤੇ ਲੱਗੇ ਡਕੈਤੀ ਦੇ ਦੋਸ਼ਾਂ ਨੂੰ ਵੀ ਨਰਮ ਕੀਤਾ ਗਿਆ ਹੈ ਜਿਸ ਮਗਰੋਂ ਰੋਮੀ ਦੀ ਭਾਰਤ ਨੂੰ ਸਪੁਰਦਗੀ ਦਾ ਰਾਹ ਪੱਧਰ ਹੋ ਚੁੱਕਾ ਮੰਨਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਜਨਵਰੀ ਮਹੀਨੇ ਰਾਜਸਥਾਨ ਵਿਚ ਪੰਜਾਬ ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਨਾਲ ਵੀ ਰੋਮੀ ਦੇ ਸਬੰਧ ਰਹੇ ਹਨ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਵੀ ਦਾਅਵਾ ਕੀਤਾ ਹੈ ਕਿ ਰੋਮੀ ਨੇ ਗੌਂਡਰ ਨੂੰ ਹਥਿਆਰ ਮੁਹਈਆ ਕਰਵਾਉਣ ਵਿਚ ਮਦਦ ਕੀਤੀ ਸੀ ਤੇ ਨਾਭਾ ਜੇਲ੍ਹ ਤੋੜਨ ਲਈ ਵੀ ਗੈਂਗਸਟਰਾਂ ਨੂੰ ਪੈਸੇ ਮੁਹਈਆ ਕਰਵਾਏ ਸਨ।