ਸ਼੍ਰੋਮਣੀ ਕਮੇਟੀ 'ਤੇ ਦੀਵਾਨ ਟੋਡਰ ਮੱਲ ਦੀ ਹਵੇਲੀ ਨਾਲ ਛੇੜਛਾੜ ਦਾ ਇਲਜ਼ਾਮ
ਗੁਰੂ ਸਾਹਿਬ ਦੇ ਮਹਾਨ ਸ਼ਰਧਾਲੂ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਹਵੇਲੀ ਨੂੰ ਜਹਾਜ਼ ਹਵੇਲੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਪਰ ਹੁਣ ਇਸ
ਫਤਹਿਗੜ੍ਹ ਸਾਹਿਬ : ਗੁਰੂ ਸਾਹਿਬ ਦੇ ਮਹਾਨ ਸ਼ਰਧਾਲੂ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਹਵੇਲੀ ਨੂੰ ਜਹਾਜ਼ ਹਵੇਲੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਪਰ ਹੁਣ ਇਸ ਹਵੇਲੀ ਨਾਲ ਕਥਿਤ ਛੇੜਛਾੜ ਕਰਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੇ ਪੁਰਾਤਤਵ ਵਿਭਾਗ ਦੀ ਝਾੜ ਦਾ ਸਾਹਮਣਾ ਕਰਨਾ ਪਿਆ ਹੈ।
ਸ਼੍ਰੋਮਣੀ ਕਮੇਟੀ ਨੇ ਕੁਝ ਸਾਲਾਂ ਬਾਅਦ ਖ਼ਸਤਾ ਹਾਲ ਹੋ ਚੁੱਕੀ ਇਸ ਇਮਾਰਤ ਦੀ ਸਾਂਭ-ਸੰਭਾਲ ਕਰਨ ਦੀ ਬਜਾਏ ਹਵੇਲੀ ਦੇ ਵਿਹੜੇ ਵਿਚ ਇੱਕ ਕਮਰਾ ਉਸਾਰ ਦਿੱਤਾ। ਜਦਕਿ ਤਿੰਨ ਹੋਰ ਕਮਰਿਆਂ ਦੀ ਨੀਂਹ ਰੱਖ ਦਿੱਤੀ, ਜੋ ਕਿ ਇਤਿਹਾਸਿਕ ਹਵੇਲੀ ਦੇ ਪੁਰਾਤਨ ਢਾਂਚੇ ਨਾਲ ਮੇਲ ਨਹੀਂ ਖਾਂਦੀ। ਇਸੇ ਲਈ ਪੁਰਾਤਤਵ ਵਿਭਾਗ ਦੇ ਨਿਰਦੇਸ਼ਕ ਨੇ ਐੱਸਜੀਪੀਸੀ ਦੇ ਮੈਨੇਜਰ ਨੂੰ ਪੱਤਰ ਭੇਜ ਕੇ ਝਾੜ ਪਾਈ ਹੈ ਅਤੇ ਤੁਰੰਤ ਕੰਮ ਬੰਦ ਕਰਨ ਲਈ ਆਖਿਆ।
ਇਤਿਹਾਸਿਕ ਇਮਾਰਤਾਂ ਸਬੰਧੀ ਐਕਟ ਅਨੁਸਾਰ ਸੁਰੱਖਿਅਤ ਇਮਾਰਤਾਂ ਦੇ 100 ਮੀਟਰ ਘੇਰੇ ਵਿਚ ਕਿਸੇ ਵੀ ਤਰ੍ਹਾਂ ਦੀ ਉਸਾਰੀ 'ਤੇ ਪਾਬੰਦੀ ਹੈ। ਦਰਅਸਲ ਪੰਜਾਬ ਸਰਕਾਰ ਨੇ 1980 ਵਿਚ ਜਹਾਜ਼ ਹਵੇਲੀ ਨੂੰ ਸੁਰੱਖਿਅਤ ਇਮਾਰਤ ਐਲਾਨ ਦਿੱਤਾ ਸੀ ਪਰ ਸਰਕਾਰ ਦੇ ਪੁਰਾਤਤਵ ਵਿਭਾਗ ਨੇ ਜ਼ਮੀਨ ਐਕੁਆਇਰ ਨਹੀਂ ਸੀ ਕੀਤੀ। ਜਦਕਿ ਇਸ ਹਵੇਲੀ ਦੀ ਮਾਲਕੀ ਦਹਾਕਿਆਂ ਤੋਂ ਕੁਝ ਨਿੱਜੀ ਲੋਕਾਂ ਦੇ ਕੋਲ ਸੀ।
ਇਸ ਬਾਰੇ ਖ਼ੁਲਾਸਾ 2007 ਵਿਚ ਉਦੋਂ ਹੋਇਆ ਜਦੋਂ ਮੁਹਾਲੀ ਦੇ ਪੰਜਾਬ ਵਿਰਾਸਤ ਚੈਰੀਟੇਬਲ ਟਰੱਸਟ ਨੇ ਇਸ ਇਮਾਰਤ ਸਣੇ ਸਾਰੀ ਜ਼ਮੀਨ ਖ਼ਰੀਦ ਲਈ ਸੀ ਪਰ ਸਾਲ 2008 ਵਿਚ ਐੱਸਜੀਪੀਸੀ ਨੇ ਟਰੱਸਟ ਤੋਂ ਇਹ ਜ਼ਮੀਨ ਲੈ ਲਈ ਸੀ। ਦੱਸ ਦਈਏ ਕਿ ਦੀਵਾਨ ਟੋਡਰ ਮੱਲ ਦੀ ਇਹ ਜਹਾਜ਼ ਹਵੇਲੀ ਸਿੱਖਾਂ ਲਈ ਕਾਫ਼ੀ ਇਤਿਹਾਸਕ ਮਹੱਤਤਾ ਰੱਖਦੀ ਹੈ।
ਕਿਉਂਕਿ ਟੋਡਰ ਮੱਲ ਨੇ ਅਪਣੀ ਸਾਰੀ ਧਨ ਦੌਲਤ ਅਤੇ ਇਸ ਹਵੇਲੀ ਨੂੰ ਵੇਚ ਕੇ ਛੋਟੇ ਸਾਹਿਬਜ਼ਾਦਿਆਂ ਲਈ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਖਰੀਦਿਆ ਸੀ ਤਾਂ ਜੋ ਛੋਟੇ ਸਾਹਿਬਜ਼ਾਦਿਆਂ ਦਾ ਅੰਤਮ ਸਸਕਾਰ ਕੀਤਾ ਜਾ ਸਕੇ। ਇਤਿਹਾਸ ਵਿਚ ਅੱਜ ਵੀ ਟੋਡਰ ਮੱਲ ਵੱਲੋਂ ਖ਼ਰੀਦੀ ਗਈ ਜਗ੍ਹਾ ਨੂੰ ਸੰਸਾਰ ਵਿਚ ਸਭ ਤੋਂ ਮਹਿੰਗੀ ਦੱਸਿਆ ਜਾਂਦਾ ਹੈ ਪਰ ਅਫ਼ਸੋਸ ਦੀ ਗੱਲ ਐ ਕਿ ਲੰਬੇ ਸਮੇਂ ਇਹ ਇਤਿਹਾਸਕ ਹਵੇਲੀ ਅਣਗੌਲੀ ਪਈ ਹੈ।