ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਗੁਰੂ ਸਾਹਿਬਾਨ ਤੋਂ ਵੀ ਉਪਰ ਹਨ?
ਵੱਖ-ਵੰਖ ਸਰਕਾਰਾਂ ਦੀਆਂ ਪੜਤਾਲਾਂ ਨੇ ਬੇਅਦਬੀ ਕਾਂਡ ਦੀ ਕਾਰਵਾਈ ਰੋਲ ਕੇ ਰੱਖ ਦਿਤੀ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿਆਸੀ ਹਲਕਿਆਂ ਤੇ ਸਿੱਖ ਕੌਮ 'ਚ ਚਰਚਾ ਛਿੜ ਗਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਗੁਰੂ ਸਾਹਿਬ ਤੋ ਵੀ ਉੱਚੇ ਹਨ, ਜਿਨਾ ਨੂੰ ਬਚਾਉਣ ਲਈ ਹੁਕਮਰਾਨ ਹਰ ਹੀਲਾ ਵਰਤ ਰਹੇ ਹਨ? ਲੋਕ ਚਰਚਾ ਮੁਤਾਬਕ ਸਿਆਸਤਦਾਨ ਆਪੋ— ਆਪਣੀਆਂ ਕੁਰਸੀਆਂ ਨੂੰ ਸੁਰੱਖਿਅਤ ਰੱਖਣ ਲਈ ਹਰ ਤਰਾਂ ਦੇ ਕੋਝੇ ਰੁੱਖ ਅਖਤਿਆਰ ਕਰ ਰਹੇ ਹਨ। ਚਰਚਾ ਮੁਤਾਬਕ ਸਿੱਖ ਆਗੂਆਂ ਨਾਲੋ ਕਾਂਗਰਸੀ ਮੰਤਰੀ ਤੇ ਵਿਧਾਇਕ ਡਾਢੇ ਫਿਕਰਮੰਦ ਹਨ ਜਿਨਾ ਨੇ ਡਰੱਗਜ ਦੇ ਖਤਮ ਅਤੇ ਬੇਅਦਬੀ ਕਾਂਡ ਦੇ ਦੋਸ਼ੀ ਜਨਤਕ ਕਰਨ ਤੇ ਸਜਾਵਾਂ ਦਵਾਉਣ ਲਈ ਚੋਣ ਵਾਅਦੇ ਕੀਤੇ ਸਨ।
ਘਰ ਬੈਠਾਏ ਗਏ ਨਵਜੋਤ ਸਿੰਘ ਸਿੱਧੂ ਵੀ ਇਹੋ ਹੀ ਮੰਗ ਕਰ ਰਹੇ ਸਨ ਕਿ ਬੇਅਦਬੀ ਤੇ ਡਰੱਗਜ ਨਾਲ ਸਬੰਧਤ ਦੋਸ਼ੀ ਧਿਰਾਂ ਨਾਲ ਕੋਈ ਰਿਆਇਤ ਨਾ ਕੀਤੀ ਜਾਵੇ ਪਰ ਉਨਾ ਦੇ ਸਿਆਸੀ ਵਿਰੋਧੀਆਂ ਸਿੱਧੂ ਨੂੰ ਸ਼ਤਰੰਜ ਚਾਲਾਂ ਖੇਡ ਕੇ ਕੈਬਨਿਟ ਮੰਤਰੀ ਤੋ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਹੁਣ ਸਿਆਸੀ ਵਿਰੋਧੀਆਂ ਨਾਲ ਨਿਪਟਣ ਲਈ ਢੁਕਵੇ ਸਿਆਸੀ ਮੌਕੇ ਦੀ ਤਲਾਸ਼ ਵਿੱਚ ਹਨ । ਇਸ ਮਸਲੇ ਨੂੰ ਵਿਰੋਧੀ ਧਿਰ ਵੱਲੋ ਵਿਧਾਨ ਸਭਾ ਚ ਬੜੇ ਜੋਰਾਂ ਸ਼ੋਰਾਂ ਨਾਲ ਉਭਾਰਨ ਦੀ ਸੰਭਾਵਨਾ ਸਿਆਸੀ ਹਲਕਿਆਂ ਵਿੱਚ ਪ੍ਰਗਟਾਈ ਜਾ ਰਹੀ ਹੈ।
ਅੰਮ੍ਰਿਤਸਰ ਚ ਆਪਣੇ ਘਰ ਵਿੱਚ ਜੱਥੇਬੰਦਕ ਲਾਮਬੰਦੀ ਕਰ ਰਹੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਲਕਿਆਂ ਦਾ ਕਹਿਣਾ ਹੈ ਕਿ ਅਜੇ ਉਹ ਆਪਣੇ ਸਿਆਸੀ ਵਿਰੋਧੀ ਨਾਲ ਮੱਥਾ ਲਾਉਣ ਦੀ ਦੌੜ ਵਿੱਚ ਕਾਹਲੀ ਨਹੀ ਕਰਨਗੇ। ਸਿੱਖ ਹਲਕਿਆਂ ਅਨੁਸਾਰ ਬੇਅਦਬੀ ਸਬੰਧੀ ਪਹਿਲੀ ਪੜਤਾਲ ਇਕਬਾਲ ਸਿੰਘ ਸਹੋਤਾ ਆਈ ਪੀ ਐਸ ਨੇ ਕੀਤੀ । ਉਨਾ ਇਸ ਕਾਂਡ ਲਈ ਜੁੰਮੇਵਾਰ ਵਿਦੇਸ਼ੀ ਤਾਕਤਾਂ ਨੂੰ ਠਹਿਰਾਇਆ। ਦੂਸਰੀ ਸਿਟ ਦੀ ਪੜਤਾਲ ਆਰ ਐਸ ਖੱਟੜਾ ਆਈ ਪੀ ਐਸ ਦੀ ਅਗਵਾਈ ਹੇਠ ਹੋਈ। ਉਨਾ ਦੀ ਟੀਮ ਨੇ ਸੌਦਾ ਸਾਧ ਦੇ ਚੇਲੇ ਬਿੱਟੂ ਤੇ ਕੁਝ ਹੋਰਾਂ ਨੂੰ ਮੁਖ ਸਾਜਸ਼ ਕਰਤਾ ਕਰਾਰ ਦਿੱਤਾ।
ਤੀਸਰੀ ਪੜਤਾਲ ਸੀ ਬੀ ਆਈ ਨੇ ਕੀਤੀ, ਜਿਸ ਵੱਲੋ ਅਦਾਲਤ 'ਚ ਪੇਸ਼ ਕੀਤੀ ਕਲੋਜਰ ਰਿਪੋਰਟ ਚ ਸੌਦਾ ਸਾਧ ਦੇ ਡੇਰੇ ਨਾਲ ਸਬੰਧਤ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ । ਇਸ ਕਲੀਨ ਚਿਟ ਨੇ ਸਿੱਖ ਹਲਕਿਆਂ ਚ ਹਲਚਲ ਮਚਾ ਦਿੱਤੀ । ਚੌਥੀ ਰਿਪੋਰਟ ਕੁਵਰ ਵਿਜੇ ਪ੍ਰਤਾਪ ਸਿੰਘ ਆਈ ਪੀ ਐਸ ਨੇ ਪੇਸ਼ ਕਰਦਿਆਂ , ਇਸ ਬੇਅਦਬੀ ਕਾਂਡ ਦੀ ਸ਼ੱਕ ਵਾਲੀ ਸੂਈ ਸੁਖਬੀਰ ਸਿੰਘ ਬਾਦਲ, ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਤੇ ਸੌਦਾ ਸਾਧ ਵੱਲ ਕੀਤੀ ਤਾਂ ਸਿਆਸੀ , ਧਾਰਮਿਕ ਤੇ ਸਮਾਜਿਕ ਹਲਕਿਆਂ ਵਿੱਚ ਤੁਫਾਨ ਆ ਗਿਆ।
ਸਿਆਸੀ ਪੰਡਤਾਂ ਮੁਤਾਬਕ ਇਹ ਆਪਾ ਵਿਰੋਧੀ ਚਾਰ ਪੜਤਾਲਾਂ ਨੇ ਬੇਅਦਬੀ ਕਾਂਡ ਦੀ ਜਾਂਚ ਨੂੰ ਰੋਲ ਕੇ ਰੱਖ ਦਿੱਤਾ ਹੈ ਤੇ ਲੋਕ ਪੁੱਛਣ ਲੱਗ ਪਏ ਹਨ ਕਿ ਜੇਕਰ ਪੜਤਾਲੀਆਂ ਕਾਰਵਾਈਆਂ ਦੀਆਂ ਰਿਪੋਰਟਾਂ ਨੇ ਅਜਿਹੇ ਨਤੀਜੇ ਕੱਢਣੇ ਸਨ ਤਾਂ ਬੇਅਦਬੀ ਕਾਂਡ ਲਈ ਜੁੰਮੇਵਾਰ ਕੌਣ ਹੈ? ਇਹ ਦੱਸਣਯੋਗ ਹੈ ਕਿ ਇਹ ਘਟਨਾ 12 ਅਕਤੂਬਰ 2015 ਨੂੰ ਵਾਪਰੀ ਸੀ । ਸਿੱਖ ਜੱਥੇਬੰਦੀਆਂ ਸ਼ਾਂਤਮਈ ਮੁਜਾਹਰਾ ਕਰ ਰਹੀਆਂ ਸਨ ਕਿ ਪੁਲਿਸ ਗੋਲੀ ਨਾਲ 2 ਸਿੱਖ ਨੌਜੁਆਨ ਸ਼ਹੀਦ ਹੋ ਗਏ ਜਿਸ ਨਾਲ ਸਿੱਖ ਕੌਮ ਚ ਗੁੱਸੇ ਦੀ ਲਹਿਰ ਉਸ ਸਮੇ ਦੀ ਸਰਕਾਰ ਖਿਲਾਫ ਦੌੜ ਗਈ ।