ਢੀਂਡਸਾ ਗਰੁੱਪ ਨੇ ਵੀ ਖੋਲ੍ਹੇ ਸਿੱਧੂ ਲਈ ਦਰਵਾਜ਼ੇ, ਪਾਰਟੀ 'ਚ ਆਉਣ ਦੀ ਸੂਰਤ 'ਚ ਹੋਵੇਗਾ ਸਵਾਗਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ

Sukhdev Singh Dhindsa

ਲੁਧਿਆਣਾ : ਦਿਗਜ਼ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਸ ਸਮੇਂ ਭਾਵੇਂ ਕਿਸੇ ਅਹਿਮ ਸਿਆਸੀ ਜ਼ਿੰਮੇਵਾਰੀ ਤੋਂ ਸੁਰਖਰੂ ਚਲੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ ਹੈ। ਇਸ ਦਾ ਅੰਦਾਜ਼ਾ ਉਨ੍ਹਾਂ ਨੂੰ ਅਪਣੇ ਨਾਲ ਰਲਾਉਣ ਦੀ ਸਿਆਸੀ ਦਲਾਂ ਦੀ ਤਤਪਰਤਾ ਤੋਂ ਲਾਇਆ ਜਾ ਸਕਦਾ ਹੈ। ਸਿੱਧੂ ਇਕ ਅਜਿਹੇ ਨੇਤਾ ਹਨ ਜਿਨ੍ਹਾਂ ਦੇ ਕਿਸੇ ਨਾ ਕਿਸੇ ਦਲ ਵੱਲ ਝੁਕਾਅ ਦੀਆਂ ਅਫ਼ਵਾਹਾਂ ਅਕਸਰ ਫ਼ੈਲਦੀਆਂ ਰਹਿੰਦੀਆਂ ਹਨ।

ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਿੱਧੂ ਦੇ ਉਨ੍ਹਾਂ ਦੀ ਪਾਰਟੀ 'ਚ ਆਉਣ ਦੀ ਸੂਰਤ 'ਚ ਸਵਾਗਤ ਕਰਨ ਦੀ ਮਨਸ਼ਾ ਜ਼ਾਹਰ ਕੀਤੀ ਹੈ। ਸ. ਢੀਂਡਸਾ ਅੱਜ ਲੁਧਿਆਣਾ ਵਿਖੇ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ਨੇ ਪਾਰਟੀ ਦੇ ਵਿਸਥਾਰ ਸਬੰਧੀ ਅਹਿਮ ਸਰਗਰਮੀਆਂ 'ਚ ਹਿੱਸਾ ਲੈਂਦਿਆਂ ਕੁੱਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ।

ਇਸ ਦੌਰਾਨ ਸਿੱਧੂ ਦੇ ਪਾਰਟੀ 'ਚ ਆਉਣ ਦੀਆਂ ਸੰਭਾਵਨਾਵਾਂ ਸਬੰਧੀ ਅਪਣੀ ਰਾਇ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਨੇ ਕਿਸ ਪਾਰਟੀ 'ਚ ਜਾਣਾ ਹੈ, ਕਿਸ 'ਚ ਨਹੀਂ, ਇਹ ਭਾਵੇਂ ਉਨ੍ਹਾਂ ਦੀ ਨਿੱਜੀ ਰਾਏ ਹਨ। ਪਰ  ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ (ਡ) 'ਚ ਆਉਣ ਦੀ ਸੂਰਤ 'ਚ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਸ ਸਬੰਧੀ ਸਭਨਾਂ ਨੂੰ ਸੱਦਾ ਦੇ ਚੁੱਕੀ ਹੈ ਅਤੇ ਜੋ ਵੀ ਸਾਡੀ ਪਾਰਟੀ 'ਚ ਸ਼ਾਮਲ ਹੋਣਾ ਚਾਹੁੰਦਾ ਹੈ, ਜੀ ਸਦਕੇ ਆ ਸਕਦਾ ਹੈ।

ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਹਰ ਪੱਧਰ 'ਤੇ ਮਜ਼ਬੂਤ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦਾ ਮਕਸਦ ਚੋਣਾਂ ਤੋਂ  ਪਹਿਲਾਂ ਪਹਿਲਾਂ ਪਾਰਟੀ ਦਾ ਮੁਕੰਮਲ ਵਿਸਥਾਰ ਕਰਨਾ ਹੈ।

ਜ਼ਹਿਰੀਲੀ ਸ਼ਰਾਬ ਮਾਮਲੇ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬੜਾ ਗੰਭੀਰ ਮਾਮਲਾ ਹੈ। ਇਸ ਲਈ ਇਸ ਦੀ ਜਾਂਚ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਫਿਰ ਸੀਬੀਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੋਰਖ ਧੰਦੇ ਦਾ ਵੱਡੇ ਆਗੂਆਂ ਅਤੇ ਅਫ਼ਸਰਸ਼ਾਹੀ ਦੀ ਸ਼ਹਿ ਬਿਨਾਂ ਚੱਲਣਾ ਨਾਮੁਮਕਿਨ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।