ਟਕਸਾਲੀ ਆਗੂ ਅੰਦਰੋਂ ਔਖੇ ਪਰ ਪੁੱਤਰ ਮੋਹ ਨਹੀਂ ਖੋਲ੍ਹਣ ਦਿੰਦਾ ਜ਼ੁਬਾਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਦਲਾਂ ਦੀ ਕਥਿਤ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਕ ਤਰ੍ਹਾਂ ਨਾਲ ਚੋਰਾਹੇ...........
ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਦਲਾਂ ਦੀ ਕਥਿਤ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਕ ਤਰ੍ਹਾਂ ਨਾਲ ਚੋਰਾਹੇ 'ਤੇ ਆ ਖੜਾ ਹੋ ਗਿਆ ਹੈ। ਅਕਾਲੀ ਦਲ ਵਿਸ਼ੇਸ਼ ਕਰ ਕੇ ਬਾਦਲ ਪਰਵਾਰ ਅੰਦਰੋਂ ਬੁਰੀ ਤਰ੍ਹਾਂ ਲੋਕਾਂ ਦੀ ਕੁੜਿੱਕੀ ਵਿਚ ਫਸਿਆ ਮਹਿਸੂਸ ਕਰ ਰਿਹਾ ਹੈ। ਦਲ ਦੇ ਟਕਸਾਲੀ ਨੇਤਾ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਅੰਦਰੋਂ ਅੰਦਰੀ ਭਰੇ ਪੀਤੇ ਪਏ ਹਨ ਪਰ ਪੁੱਤਰ ਮੋਹ ਕਾਰਨ ਇਨ੍ਹਾਂ ਨੇ ਜ਼ੁਬਾਨ ਬੰਦ ਕਰ ਲਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਹੋਣ ਜਾਂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਹੋਣ,
ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਕਾਲੀ ਰਾਜ ਦੌਰਾਨ ਹੋਈ ਬੇਅਦਬੀ ਨੂੰ ਲੈ ਕੇ ਜ਼ੁਬਾਨ ਖੋਲ੍ਹਣ ਦਾ ਹੀਆ ਤਾਂ ਕੀਤਾ ਹੈ ਪਰ ਪੁੱਤਰ ਮੋਹ ਕਰ ਕੇ ਤੁਰਤ ਮੂੰਹ ਬੰਦ ਵੀ ਕਰਨਾ ਪੈ ਗਿਆ। ਸ. ਢੀਂਡਸਾ ਅਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ ਬੇਟੇ ਮੱਖਣ ਬਰਾੜ, ਪ੍ਰੇਮ ਸਿੰਘ ਚੰਦੂਮਾਜਰਾ ਫ਼ਰਜ਼ੰਦ ਹਰਵਿੰਦਰ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ ਅਪਣੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਵਿਧਾਇਕ ਦੀ ਸੀਟ ਜਾਂ ਅਹੁਦੇ ਦੀ ਪਕੜ ਢਿੱਲੀ ਨਹੀਂ ਪੈਣ ਦੇਣੀ ਚਾਹ ਰਹੇ। ਲੋਕ ਸਭਾ ਦੇ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਾਜ ਸਭਾ ਦੇ ਮੈਂਬਰ ਬਲਵਿੰਦਰ ਸਿੰਘ ਭੂੰਦੜ ਦਾ ਦਰਦ ਵੀ ਇਸ ਤੋਂ ਵਖਰਾ ਨਹੀਂ ਹੈ।
ਉਂਜ ਟਕਸਾਲੀ ਨੇਤਾ ਬਾਦਲਾਂ ਦੀ ਹਕੂਮਤ ਦੌਰਾਨ ਵਾਪਰੇ ਬੇਅਦਬੀ ਅਤੇ ਗੋਲੀ ਕਾਂਡ ਨੂੰ ਸਰਕਾਰ ਨਾਲੋਂ ਵੱਖ ਕਰ ਕੇ ਨਹੀਂ ਵੇਖ ਰਹੇ। ਦਲ ਦੇ ਇਕ ਸੀਨੀਅਰ ਨੇਤਾ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਹੈ ਕਿ ਜੇ 1984 ਦੇ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਲਈ ਉਸ ਵੇਲੇ ਦੀ ਹਾਕਮ ਮਰਹੂਮ ਇੰਦਰਾ ਗਾਂਧੀ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ ਅਤੇ ਜਲ੍ਹਿਆਂ ਵਾਲੇ ਬਾਗ਼ ਲਈ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਜਨਰਲ ਡਾਇਰ ਸਿਰ ਸਾਰਾ ਦੋਸ਼ ਮੜ੍ਹਿਆ ਜਾ ਰਿਹਾ ਹੈ ਤਾਂ 2015 ਦਾ 'ਬਾਦਲ ਰਾਜਾ' ਅਪਣੇ ਆਪ ਨੂੰ ਕਿਸ ਬਿਨਾ 'ਤੇ ਬਰੀ ਦੱਸ ਰਿਹਾ ਹੈ।
ਦੋਆਬੇ ਦੇ ਬਾਦਲ ਪਰਵਾਰ ਤੋਂ ਦੂਰੀ ਬਣਾ ਕੇ ਚਲ ਰਹੇ ਇਕ ਨੇਤਾ ਨੂੰ ਇਹ ਦੁੱਖ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਡੇਰਾ ਸਾਧ ਨੂੰ ਸੁਖਬੀਰ ਦੀਆਂ ਹਦਾਇਤਾਂ 'ਤੇ ਬਰੀ ਕਰਨ ਅਤੇ ਤਖ਼ਤਾਂ ਦੇ ਜਥੇਦਾਰ ਦੀ ਨਿਯੁਕਤੀ ਦਲ ਦੇ ਪ੍ਰਧਾਨ ਦੀ ਜੇਬ ਵਿਚੋਂ ਨਿਕਲਣ ਦਾ ਸੱਚ ਉਜਾਗਰ ਕਰਨ ਤੋਂ ਬਾਅਦ ਵੀ ਬਾਦਲ ਪਰਵਾਰ ਇਸ ਨੂੰ ਮੰਨਣ ਲਈ ਤਿਆਰ ਨਹੀਂ ਸਗੋਂ ਸਿਆਸੀ ਚਾਲਾਂ ਚਲ ਕੇ ਵਿਰੋਧੀ ਧਿਰਾਂ ਸਿਰ ਬਦਨਾਮ ਕਰਨ ਦਾ ਦੋਸ਼ ਲਾ ਕੇ ਅਪਣੇ ਆਪ ਨੂੰ ਸਰਖ਼ੁਰੂ ਕਰਨ ਆਹਰੇ ਲੱਗਾ ਹੋਇਆ ਹੈ।
ਸਾਲ 1984 ਤੋਂ ਬਾਅਦ ਵਾਪਰੇ ਇਸ ਵੱਡੇ ਦੁਖਾਂਤ ਨੂੰ ਲੈ ਕੇ ਨਾ ਤਾਂ ਸਿਆਸੀ ਪਾਰਟੀਆਂ ਅਤੇ ਨਾ ਹੀ ਆਮ ਲੋਕ ਬਾਦਲਾਂ ਨੂੰ ਬਖ਼ਸ਼ਣ ਦੇ ਰੌਂਅ ਵਿਚ ਹਨ। ਕਾਂਗਰਸ ਦੇ ਪੰਜ ਮੰਤਰੀ ਬਾਦਲਾਂ ਨੂੰ ਸੀਖਾਂ ਪਿਛੇ ਡੱਕਣ ਲਈ ਕੋਈ ਵੀ ਹੀਲਾ ਵਰਤਣ ਲਈ ਤਿਆਰ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ. ਫੂਲਕਾ ਨੇ ਬਾਦਲਾਂ ਵਿਰੁਧ ਪਰਚਾ ਦਰਜ ਨਾ ਕਰਨ ਦੀ ਸੂਰਤ ਵਿਚ 17 ਨੂੰ ਅਸਤੀਫ਼ਾ ਦੇਣ ਦੀ ਧਮਕੀ ਦੇ ਦਿਤੀ ਹੈ। ਦਸਿਆ ਜਾ ਰਿਹਾ ਹੈ ਕਿ ਬਰਗਾੜੀ ਇਨਸਾਫ਼ ਮੋਰਚੇ ਨੂੰ 100 ਦਿਨ ਪੂਰੇ ਹੋਣ ਵਾਲੇ ਹਨ ਅਤੇ ਉਥੇ ਧਰਨਾਕਾਰੀਆਂ ਦੀ ਗਿਣਤੀ ਵੱਧ ਰਹੀ ਹੈ।
ਦਲ ਦੇ ਇਕ ਵਿਧਾਇਕ ਨੇ ਦਬਵੀਂ ਜ਼ੁਬਾਨ ਵਿਚ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਲਈ ਆਸਥਾ ਸਿਰਫ਼ ਪੰਥਕ ਲੋਕਾਂ ਦੀ ਨਹੀਂ ਸਗੋਂ ਕਾਂਗਰਸ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਦੇ ਕਾਰਕੁਨ ਵੀ ਉਨੀ ਹੀ ਸ਼ਰਧਾ ਰਖਦੇ ਹਨ। ਹਾਲ ਦੀ ਘੜੀ ਪੈਦਾ ਹੋਏ ਹਲਾਤ ਵਿਚ ਬਾਦਲਾਂ ਦੇ ਸਿਰੋਂ ਸੰਕਟ ਟੱਲਣ ਵਾਲਾ ਨਹੀਂ ਲਗਦਾ। ਬਾਦਲਾਂ ਦੇ ਦੋਵਾਂ ਜਹਾਨਾਂ ਵਿਚੋਂ ਬਰੀ ਹੋਣ ਲਈ ਸਿੱਖ ਪੰਥ ਤੋਂ ਜਾਣੇ ਅਣਜਾਣੇ ਹੋਈ ਗ਼ਲਤੀ ਲਈ ਮਾਫ਼ੀ ਮੰਗ ਕੇ ਦਲ ਦੀ ਹੋਂਦ ਨੂੰ ਬਚਾ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ। ਸਰਬੱਤ ਖ਼ਾਲਸਾ ਸੱਦ ਕੇ ਸੰਗਤ ਮੂਹਰੇ ਭੁੱਲ ਬਖ਼ਸ਼ਾਉਣ ਨਾਲ ਅਕਾਲੀ ਦਲ ਮੁੜ ਲੋਕਾਂ ਵਿਚ ਜਾਣ ਜੋਗਾ ਹੋ ਸਕਦਾ ਹੈ।