ਪੀਜੀਆਈ ’ਚ ਕਿਡਨੀ ਫ਼ੇਲ ਦੇ ਮਰੀਜ਼ ਲਈ ਦਾਨੀਆਂ ਗਿਣਤੀ ਨਾ ਬਰਾਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈਂ ਸਾਲਾਂ ਤੋਂ ਕਿਡਨੀ ਟਰਾਂਸਪਲਾਂਟ ਦੀ ਉਡੀਕ ’ਚ ਦੋਮ ਤੋੜ ਰਹੇ ਹਨ ਮਰੀਜ਼

Kidney

ਚੰਡੀਗੜ੍ਹ (ਤਰੁਣ ਭਜਨੀ) : ਪੀਜੀਆਈ ਵਿਚ ਕਿਡਨੀ ਫੇਲ੍ਹ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਦੂਜੇ ਪਾਸੇ ਕਿਡਨੀ ਦਾਨ ਕਰਨ ਵਾਲੇ ਨਾ ਬਰਾਬਰ ਹੀ ਹਨ। ਅਜਿਹੀ ਹਾਲਤ ’ਚ ਕਿਡਨੀ ਫੇਲ੍ਹ ਦੇ ਮਰੀਜ਼ ਅਪਣੀ ਵਾਰੀ ਉਡੀਕ ’ਚ ਹੀ ਦਮ ਤੋੜ ਰਹੇ ਹਨ। ਪੀਜੀਆਈ ਆਰਗਨ ਟਰਾਂਸਪਲਾਂਟ ਯੂਨਿਟ ਦੀ ਜੇਕਰ ਵੇਟਿੰਗ ਲਿਸਟ ’ਤੇ ਗੌਰ ਕੀਤਾ ਜਾਵੇ ਤਾਂ ਹਰ ਸਾਲ ਵੇਟਿੰਗ ਲਿਸਟ ਦੀ ਗਿਣਤੀ ਦੁੱਗਣੀ ਹੁੰਦੀ ਜਾ ਰਹੀ ਹੈ ।

ਉਥੇ ਹੀ ਪੀਜੀਆਈ ਦੇ ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਜੀਵਲ ਸ਼ੈਲੀ ਖ਼ਰਾਬ ਹੋਣ ਨਾਲ ਉਨ੍ਹਾਂ ਦੀ ਖਾਣ ਪੀਣ ਦੀਆਂ ਗ਼ਲਤ ਆਦਤਾਂ ਦੇ ਕਾਰਨ ਇਹ ਸਮੱਸਿਆ ਵੱਡਾ ਰੂਪ ਲੈ ਰਹੀ ਹੈ। ਮਰੀਜ਼ ਵਧ ਰਹੇ ਹਨ ਤੇ ਦਾਨੀ ਘਟ ਰਹੇ ਹਨ : ਕਿਡਨੀ ਫ਼ੇਲੀਅਰ ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਮੁਕਾਬਲੇ ਦਾਨੀਆਂ ਦਾ ਗਿਣਤੀ ਬਹੁਤ ਘੱਟ ਹੈ। ਅਜਿਹੀ ਹਾਲਤ ’ਚ ਹਰ ਸਾਲ ਕਿਡਨੀ ਫ਼ੇਲ੍ਹ ਦੇ ਮਰੀਜ਼ ਤਾਂ ਵਧ ਰਹੇ ਹਨ, ਪਰ ਪੀਜੀਆਈ ਦੇ ਟਰਾਂਸਪਲਾਂਟ ਯੂਨਿਟ ਵਿਚ ਕਿਡਨੀ ਟਰਾਂਸਪਲਾਂਟ ਦੀ ਗਿਣਤੀ ਸਾਲ-ਦਰ-ਸਾਲ ਘਟਦੀ ਜਾ ਰਹੀ ਹੈ ।

ਜੇਕਰ 2015 ਤੋਂ 2019 ਵਿਚ ਜੁਲਾਈ ਤਕ ਦੇ ਆਂਕੜੇ ’ਤੇ ਗੌਰ ਕੀਤਾ ਜਾਵੇ ਤਾਂ 2015 ਵਿਚ ਕਿਡਨੀ ਟਰਾਂਸਪਲਾਂਟ ਦੀ ਜੋ ਗਿਣਤੀ 251 ਸੀ ਉਹ 2018 ਵਿਚ 217 ਅਤੇ 2019 ਜੁਲਾਈ ਤਕ 121 ਤਕ ਆ ਗਈ ਹੈ। ਪੀਜੀਆਈ ਦੇ ਆਰਗਨ ਟਰਾਂਸਪਲਾਂਟ ਯੂਨਿਟ ’ਚ ਹੁਣ ਵੀ ਕਿਡਨੀ ਫੇਲ ਹੋਣ ਵਾਲੇ ਮਰੀਜ਼ਾਂ ਦੀ ਉਡੀਕ ਸੂਚੀ ਸਭ ਤੋਂ ਜ਼ਿਆਦਾ ਹੈ । 2016 ਤੋਂ 2019 ਵਿਚ ਹੁਣ ਤੱਕ ਕੁਲ 1749 ਕੇਸ ਰਜਿਸਟਰਡ ਕੀਤੇ ਗਏ ਹਨ।  ਇਨ੍ਹਾ ਮਰੀਜ਼ਾਂ ਨੂੰ ਕਿਡਨੀ ਟਰਾਂਸਪਲਾਂਟ ਲਈ ਰਜਿਸਟਰਡ ਕੀਤਾ ਗਿਆ ਹੈ। ਇਹ ਮਰੀਜ਼ ਹਾਲੇ ਵੀ ਕਿਡਨੀ ਟਰਾਂਸਪਲਾਂਟ ਦੀ ਅਪਣੀ ਵਾਰੀ ਦੀ ਉਡੀਕ ਕਰ ਰਹੇ ਹਨ।

ਆਲਮ ਇਹ ਹੈ ਕਿ ਹਰ ਸਾਲ ਲਗਭਗ ਤਿੰਨ ਤੋਂ ਚਾਰ ਸੌ ਨਵੇਂ ਮਰੀਜ਼ ਇਥੇ ਰਜਿਸਟਰਡ ਕੀਤੇ ਜਾ ਰਹੇ ਹਨ। ਸਾਲ 2018 ਦੀ ਗਿਣਤੀ ਹੁਣ ਤੱਕ ਦੀ ਸਭਤੋਂ ਜ਼ਿਆਦਾ ਰਹੀ ਹੈ। ਉਸ ਇਕ ਸਾਲ ਦੇ ਦੌਰਾਨ ਕਿਡਨੀ ਟਰਾਂਸਪਲਾਂਟ ਲਈ 630 ਮਰੀਜ਼ਾਂ ਨੂੰ ਰਜਿਸਟਰਡ ਕੀਤਾ ਗਿਆ ਸੀ। ਜਦਕਿ ਸਾਲ 2018 ਵਿਚ ਸਿਰਫ਼ 217 ਲੋਕਾਂ ਦੀ ਹੀ ਕਿਡਨੀ ਟਰਾਂਸਪਲਾਂਟ ਹੋ ਪਾਈ ਸੀ ।

ਕਈਂ ਸਾਲਾਂ ਤੋਂ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਹਨ ਮਰੀਜ਼ : ਕਿਡਨੀ ਫ਼ੇਲੀਅਰ ਦੇ ਅਜਿਹੇ ਅਣਗਿਣਤ ਮਰੀਜ਼ ਹਨ ਜਿਨ੍ਹਾਂ ਨੂੰ ਕਿਡਨੀ ਟਰਾਂਸਪਲਾਂਟ ਲਈ ਕਈਂ ਸਾਲਾਂ ਤੋਂ ਉਡੀਕ ਕਰਨੀ ਪੈ ਰਹੀ ਹੈ। ਅਜਿਹੀ ਹਾਲਤ ’ਚ ਡਾਇਲਿਸਿਸ ਦੇ ਦੌਰਾਨ ਉਨ੍ਹਾ ਵਿਚੋਂ ਜ਼ਿਆਦਾਤਰ ਮਰੀਜ਼ ਦਮ ਤੋੜਦੇ ਜਾ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜਾਗਰੂਕਤਾ ਦੇ ਅਣਹੋਂਦ ਵਿਚ ਅੰਗ ਦਾਨ ਦੀ ਸੀਮਤ ਗਿਣਤੀ ਵੀ ਇਸਦਾ ਇਕ ਪ੍ਰਮੁੱਖ ਕਾਰਨ ਹੈ । ਇਸਲਈ ਸਰਕਾਰ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਹੈ।

ਕਿਡਨੀ ਫ਼ੇਲ੍ਹ ਹੋਣ ਦੇ ਲੱਛਣ : ਲਗਾਤਾਰ ਉਲਟੀ ਆਉਣਾ, ਭੁੱਖ ਨਾ ਲੱਗਣਾ, ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣਾ,  ਨੀਂਦ ਨਾ ਆਉਣਾ, ਪੇਸ਼ਾਬ ਦੀ ਮਾਤਰਾ ਘੱਟ ਹੋ ਜਾਣਾ, ਮਾਨਸਕ ਹਾਲਤ ਠੀਕ ਨਾ ਹੋਣਾ, ਪੈਰਾਂ ਤੇ ਏਡੀਆਂ ਵਿਚ ਸੋਜਾ ਆਉਣਾ। ਇਹ ਆਦਤਾਂ ਕਿਡਨੀ ਕਰ ਰਹੀ ਹਨ ਖ਼ਰਾਬ : ਪੇਸ਼ਾਬ ਨੂੰ ਦੇਰ ਤਕ ਰੋਕੇ ਰੱਖਣਾ, ਪਾਣੀ ਘੱਟ ਮਾਤਰਾ ਵਿਚ ਪੀਣਾ, ਬਹੁਤ ਜ਼ਿਆਦਾ ਲੂਣ ਖਾਣਾ, ਹਾਈ ਬਲਡ ਪ੍ਰੈਸ਼ਰ ਦੇ ਇਲਾਜ ਵਿਚ ਲਾਪਰਵਾਹੀ ਵਰਤਨਾ,

ਸ਼ੂਗਰ ਦੇ ਇਲਾਜ ਵਿਚ ਲਾਪਰਵਾਹੀ ਕਰਨਾ, ਜ਼ਿਆਦਾ ਮਾਤਰਾ ਵਿਚ ਨਾਨਵੇਜ ਖਾਣਾ, ਦਰਦ ਦੀਆਂ ਦਵਾਈਆਂ ਜ਼ਿਆਦਾ ਲੈਣਾ, ਜ਼ਿਆਦਾ ਸ਼ਰਾਬ ਪੀਣਾ, ਜ਼ਿਆਦਾ ਮਾਤਰਾ ਵਿਚ ਸਾਫਟ ਡਰਿੰਕਸ ਵੀ ਕਿਡਨੀ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ ।ਜੇਕਰ ਰੋਜ਼ਾਨਾ ਕਸਰਤ ਤੇ ਸੰਤੁਲਤ ਖਾਣੇ ਦੇ ਨਿਯਮ ਦਾ ਪਾਲਣ ਕੀਤਾ ਜਾਵੇ ਤਾਂ ਕਿਡਨੀ ਨੂੰ ਮਜਬੂਤੀ ਮਿਲੇਗੀ ਤੇ ਕਿਡਨੀ ਫੇਲਿਅਰ ਤੇ ਟਰਾਂਸਪਲਾਂਟ ਵਰਗੀ ਨੌਬਤ ਕਦੇ ਨਹੀਂ ਆਵੇਗੀ।