ਜਲੰਧਰ ਦਿਹਾਤੀ ਪੁਲਿਸ ਨੇ ਬਰਾਮਦ ਕੀਤੀ 12 ਕਿਲੋ ਹੋਰ ਹੈਰੋਇਨ; ਤਿੰਨ ਦਿਨਾਂ ਵਿਚ ਜ਼ਬਤ ਕੀਤੀ 21 ਕਿਲੋ ਹੈਰੋਇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਵਿਰੁਧ ਕਾਰਵਾਈ

Jalandhar Rural Police seize another 12 Kg Heroin

 

ਜਲੰਧਰ: ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਵਿਰੁਧ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ 12 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਹੈ। ਜਲੰਧਰ ਦਿਹਾਤੀ ਪੁਲਿਸ ਵਲੋਂ ਇਹ ਕਾਰਵਾਈ ਖੁਫੀਆ ਜਾਣਕਾਰੀ ’ਤੇ ਅਧਾਰਤ ਮੁਹਿੰਮ ਦੌਰਾਨ ਮਿਲੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਨੇ 3 ਦਿਨਾਂ ਦੌਰਾਨ ਕੁੱਲ 21 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: ਮੋਰੱਕੋ ਵਿੱਚ ਭੂਚਾਲ ਨੇ ਮਚਾਈ ਭਾਰੀ ਤਬਾਹੀ, 630 ਤੋਂ ਵੱਧ ਲੋਕਾਂ ਦੀ ਹੋਈ ਮੌਤ 

ਪੰਜਾਬ ਦੇ ਡੀ.ਜੀ.ਪੀ. ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਜਲੰਧਰ ਦਿਹਾਤੀ ਪੁਲਿਸ ਵਲੋਂ 9 ਕਿਲੋਗ੍ਰਾਮ ਹੈਰੋਇਨ ਦੀ ਸ਼ੁਰੂਆਤੀ ਜ਼ਬਤੀ ਤੋਂ ਬਾਅਦ 12 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ। ਪਿਛਲੇ ਤਿੰਨ ਦਿਨਾਂ ਦੌਰਾਨ ਇਸ ਕਾਰਵਾਈ ਦੌਰਾਨ ਕੁੱਲ 21 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ”। ਪੁਲਿਸ ਵਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਗੁਰਾਇਆ ਵਿਖੇ ਐਫ.ਆਈ.ਆਰ. ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਟੀ.ਡੀ.ਪੀ. ਮੁਖੀ ਚੰਦਰ ਬਾਬੂ ਨਾਇਡੂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਜਲੰਧਰ ਦਿਹਾਤੀ ਪੁਲਿਸ ਵਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਨਸ਼ਾ ਤਸਕਰ ਮਲਕੀਅਤ ਸਿੰਘ ਉਰਫ ਕਾਲੀ ਨੂੰ ਗ੍ਰਿਫਤਾਰ ਕਰਕੇ 9 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਉਹ ਅਪਣੇ ਸਾਥੀਆਂ ਨਾਲ ਮਿਲ ਕੇ ਸਰਹੱਦ ਪਾਰ ਨਸ਼ਾ ਤਸਕਰੀ ਨੂੰ ਅੰਜਾਮ ਦਿੰਦਾ ਸੀ।ਪੁਲਿਸ ਵਲੋਂ ਪੁਛਗਿਛ ਦੌਰਾਨ ਖੁਲਾਸਾ ਹੋਇਆ ਕਿ ਕਾਲੀ ਦੇ ਪਾਕਿਸਤਾਨ ਬੈਠੇ ਤਸਕਰਾਂ ਨਾਲ ਸਬੰਧ ਹਨ। ਕਾਲੀ ਨੇ ਲੜਕਿਆਂ ਨੂੰ ਸਰਹੱਦ ਰਾਹੀਂ ਪਾਕਿਸਤਾਨ ਭੇਜ ਕੇ 50 ਕਿਲੋ ਹੈਰੋਇਨ ਮੰਗਵਾਈ ਸੀ। ਹੈਰੋਇਨ ਭਾਰਤ ਪਹੁੰਚਣ ਤੋਂ ਬਾਅਦ 6 ਵੱਖ-ਵੱਖ ਸਮੱਗਲਰਾਂ ਵਿਚ ਵੰਡੀ ਗਈ ਸੀ।

ਇਹ ਵੀ ਪੜ੍ਹੋ: ਭਾਰਤ ਨੂੰ ਉੱਚ ਤਕਨਾਲੋਜੀ ਨਿਰਯਾਤ ਦੇ ਰੇੜਕੇ ਦੂਰ ਕਰਨ ਲਈ ਅਮਰੀਕੀ ਸਦਨ ’ਚ ਬਿਲ ਪੇਸ਼

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਦੇ ਇਕ ਨੌਜਵਾਨ ਨੂੰ 8 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਸੀ। ਇਸ ਤੋਂ ਬਾਅਦ ਮਹਿਤਪੁਰ ਪੁਲਿਸ ਨੇ ਵੀ ਅੱਧਾ ਕਿੱਲੋ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਦੋਵਾਂ ਨੇ ਮੁੱਖ ਤਸਕਰ ਮਲਕੀਅਤ ਉਰਫ਼ ਕਾਲੀ ਬਾਰੇ ਖੁਲਾਸੇ ਕੀਤੇ ਸਨ। ਇਸ ਤੋਂ ਬਾਅਦ ਪੁਲਿਸ ਨੇ ਮਲਕੀਅਤ ਦੀ ਭਾਲ ਸ਼ੁਰੂ ਕਰ ਦਿਤੀ ਸੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁੱਖ ਮੁਲਜ਼ਮ ਮਲਕੀਅਤ ਨਸ਼ੇ ਦੀ ਖੇਪ ਲੈਣ ਲਈ ਹਵਾਲਾ ਰਾਹੀਂ ਪਾਕਿਸਤਾਨ ਵਿਚ ਬੈਠੇ ਅਪਣੇ ਆਕਾਵਾਂ ਨੂੰ ਪੈਸੇ ਭੇਜਦਾ ਸੀ।