ਲੁਧਿਆਣਾ ‘ਚ ਦੋ ਗੁੱਟਾਂ ਵਿਚਾਲੇ ਹੋਈ ਝੜਪ, ਚੱਲੀਆਂ ਗੋਲੀਆਂ, 10 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਅਬਦੁਲਾਪੁਰ ਬਸਤੀ ਇਲਾਕੇ ਵਿਚ ਦੋ ਗੁਟਾਂ ਵਿਚਾਲੇ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿਚ ਦੋਵਾਂ ਗੁੱਟਾਂ ਨੇ...

10 people got injured while they attacked on each other in two groups

ਲੁਧਿਆਣਾ : ਲੁਧਿਆਣਾ ਦੇ ਅਬਦੁਲਾਪੁਰ ਬਸਤੀ ਇਲਾਕੇ ਵਿਚ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿਚ ਦੋਵਾਂ ਗੁੱਟਾਂ ਨੇ ਇਕ-ਦੂਜੇ ਉਤੇ ਇੱਟਾਂ-ਪੱਥਰ ਵਰ੍ਹਾਏ। ਦੋਵਾਂ ਧਿਰਾਂ ਵਲੋਂ ਹਵਾਈ ਫ਼ਾਇਰ ਵੀ ਕੀਤੇ ਜਾਣ ਦੀ ਸੂਚਨਾ ਹੈ। ਹਮਲਾਵਰਾਂ ਨੇ ਅੱਧਾ ਦਰਜਨ ਗੱਡੀਆਂ ਦੇ ਵੀ ਸ਼ੀਸ਼ੇ ਭੰਨ ਦਿਤੇ। ਕਈ ਟੂ-ਵਹੀਲਰਸ ਦਾ ਬੁਰੀ ਤਰ੍ਹਾਂ ਨੁਕਸਾਨ ਕਰ ਦਿਤਾ ਗਿਆ। ਹਮਲੇ ਵਿਚ ਦੋਵਾਂ ਧਿਰਾਂ ਦੇ 10 ਲੋਕ ਜ਼ਖ਼ਮੀ ਹੋ ਗਏ।

ਸੂਚਨਾ ਮਿਲਣ ਉਤੇ ਐਸੀਪੀ ਸਰਤਾਜ ਸਿੰਘ ਚਾਹਲ, ਥਾਣਾ ਮਾਡਲ ਟਾਊਨ ਦੇ ਐਸਐਚਓ ਵਿਨੋਦ ਕੁਮਾਰ ਅਤੇ ਚੌਂਕੀ ਆਤਮ ਨਗਰ ਦੀ ਪੁਲਿਸ ਮੌਕੇ ਉਤੇ ਪਹੁੰਚੀ। ਪੁਲਿਸ ਨੇ ਸਥਿਤੀ ਨੂੰ ਕਾਬੂ ਕੀਤਾ ਅਤੇ ਲੋਕਾਂ ਦੇ ਬਿਆਨ ਲੈਣ ਵਿਚ ਜੁਟੀ ਰਹੀ। ਅਬਦੁਲਾਪੁਰ ਬਸਤੀ ਦੇ ਰਹਿਣ ਵਾਲੇ ਰੇਸ਼ਮ ਸਿੰਘ (35) ਨੇ ਦੱਸਿਆ ਕਿ ਉਹ ਗਿਲ ਰੋਡ ਉਤੇ ਸਕਰੈਪ ਦਾ ਕੰਮ ਕਰਦਾ ਹੈ। ਉਸ ਦੇ ਮੁਤਾਬਕ, ਮੰਗਲਵਾਰ ਨੂੰ ਨਾਲ ਵਾਲੀ ਗਲੀ ਵਿਚ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਆਇਆ ਅਤੇ ਇਕ ਘਰ ਦੇ ਬਾਹਰ ਰੁਕ ਕੇ ਜ਼ੋਰ ਨਾਲ ਗਾਣੇ ਗਾਉਣ ਲੱਗ ਗਿਆ।

ਇਸ ਘਰ ਦੇ ਲੋਕਾਂ ਵਲੋਂ ਰੋਕਣ ਉਤੇ ਕਾਰ ਚਾਲਕ ਨੇ ਬਹਿਸਬਾਜ਼ੀ ਕੀਤੀ। ਇਸ ਉਤੇ ਉਨ੍ਹਾਂ ਦੀ ਲੜਾਈ ਸ਼ੁਰੂ ਹੋ ਗਈ। ਰੇਸ਼ਮ ਦੇ ਮੁਤਾਬਕ ਉਹ ਬੁੱਧਵਾਰ ਰਾਤ ਲੱਗਭੱਗ 9 ਵਜੇ ਖਾਣਾ ਖਾ ਕੇ ਗਲੀ ਵਿਚ ਸੈਰ ਕਰ ਰਿਹਾ ਸੀ। ਜਦੋਂ ਉਹ ਗਲੀ ਦੇ ਮੋੜ ਉਤੇ ਪਹੁੰਚਿਆ ਤਾਂ ਉਹੀ ਕਾਰ ਚਾਲਕ 5-6 ਨੌਜਵਾਨਾਂ ਦੇ ਨਾਲ ਆਇਆ ਅਤੇ ਆਉਂਦੇ ਹੀ ਹਮਲਾ ਕਰ ਦਿਤਾ। ਸੂਚਨਾ ਮਿਲਣ ਉਤੇ ਰੇਸ਼ਮ ਦੇ ਦੋਸਤ ਮੌਕੇ ਉਤੇ ਪਹੁੰਚੇ ਤਾਂ ਹਮਲਾਵਰਾਂ ਦੇ 35-40 ਸਾਥੀ ਹੋਰ ਆ ਗਏ।

ਸਾਰਿਆਂ ਨੇ ਫ਼ਾਇਰਿੰਗ ਕਰ ਕੇ ਕੁੱਟਮਾਰ ਸ਼ੁਰੂ ਕਰ ਦਿਤੀ। ਦੂਜੇ ਗੁੱਟ ਦੇ ਲੋਕਾਂ ਦਾ ਕਹਿਣਾ ਸੀ ਕਿ ਉਹ ਗਲੀ ਦੇ ਮੋੜ ਉਤੇ ਖੜੇ ਸਨ। ਇਸ ਦੌਰਾਨ ਰੇਸ਼ਮ ਅਤੇ ਉਸ ਦੇ ਸਾਥੀਆਂ ਨੇ ਆ ਕੇ ਹਮਲਾ ਕਰ ਦਿਤਾ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੀ ਛੱਤ ਤੋਂ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿਤੇ। ਫਿਰ ਹਵਾਈ ਫ਼ਾਇਰ ਵੀ ਕੀਤੇ। ਰੇਸ਼ਮ ਸਿੰਘ ਨੇ ਇਲਜ਼ਾਮ ਲਗਾਇਆ ਕਿ ਉਸ ਉਤੇ ਹਮਲਾ ਕਰਨ ਵਾਲੇ ਹਮਲਾਵਰਾਂ ਵਿਚ ਜੋਨੀ ਵੀ ਸ਼ਾਮਿਲ ਸੀ। ਜੋਨੀ ਉਨ੍ਹਾਂ ਦਾ ਰਿਸ਼ਤੇਦਾਰ ਵੀ ਹੈ।

ਉਨ੍ਹਾਂ ਦੇ ਮੁਤਾਬਕ ਜੋਨੀ ਗੈਂਗਸਟਰ ਗੋਰੂ ਬੱਚਾ ਦਾ ਸਾਥੀ ਰਹਿ ਚੁੱਕਿਆ ਹੈ ਪਰ 2017 ਵਿਚ ਉਸ ਦਾ ਗੋਰੂ ਬੱਚਾ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਕਾਰਨ ਉਸ ਨੇ ਜੋਨੀ ਉਤੇ ਫ਼ਾਇਰਿੰਗ ਕਰ ਦਿਤੀ ਸੀ ਪਰ ਗੋਲੀ ਲੱਗਣ ਦੇ ਬਾਵਜੂਦ ਜੋਨੀ ਦਾ ਬਚਾਅ ਹੋ ਗਿਆ ਸੀ। ਦੋ ਗੁੱਟਾਂ ਵਿਚ ਪੁਰਾਣੀ ਰੰਜਸ਼ ਦੇ ਕਾਰਨ ਲੜਾਈ ਹੋਈ ਹੈ। ਮੌਕੇ ਉਤੇ ਇਕ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਇਲਾਕੇ ਦੇ ਲੋਕਾਂ ਨੇ ਲੱਗਭੱਗ 12 ਫ਼ਾਇਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜ਼ਖ਼ਮੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ।