ਰਾਮ ਰਹੀਮ ‘ਤੇ ਭਲਕੇ ਆ ਸਕਦਾ ਹੈ ਫ਼ੈਸਲਾ, ਮਾਲਵਾ ‘ਚ ਵਧਾਈ ਸੁਰੱਖਿਆ, 25 ਕੰਪਨੀਆਂ ਤੈਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ...

Ram Rahim

ਬਠਿੰਡਾ : ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਉਤੇ 11 ਜਨਵਰੀ ਨੂੰ ਹੋਣ ਵਾਲੇ ਕੋਰਟ ਦੇ ਫ਼ੈਸਲੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਅਲਰਟ ਜਾਰੀ ਕਰ ਦਿਤਾ ਹੈ। ਇਸ ਦੇ ਤਹਿਤ ਬੇਹੱਦ ਸੰਵੇਦਨਸ਼ੀਲ ਮੰਨੇ ਜਾਂਦੇ ਮਾਲਵਾ ਖੇਤਰ ਦੇ 8 ਜ਼ਿਲ੍ਹਿਆਂ ਦੀ ਸੁਰੱਖਿਆ ਲਈ 25 ਕੰਪਨੀਆਂ ਨਿਯੁਕਤ ਕੀਤੀ ਗਈਆਂ ਹਨ।

ਇਨ੍ਹਾਂ ਵਿਚੋਂ ਬਠਿੰਡਾ ਰੇਂਜ ਦੇ ਮੁਤਾਬਕ ਪੈਂਦੇ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਨੂੰ ਵਧੇਰੇ ਸੰਵਦੇਨਸ਼ੀਲ ਮੰਨਦੇ ਹੋਏ ਇਥੇ ਕਰੀਬ 15 ਕੰਪਨੀਆਂ ਦੇ 1200 ਜਵਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਜਦੋਂ ਕਿ ਫਿਰੋਜ਼ਪੁਰ ਜ਼ੋਨ ਦੇ ਮੁਤਾਬਕ ਮੋਗਾ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਫਿਰੋਜ਼ਪੁਰ ਵਿਚ 10 ਕੰਪਨੀਆਂ ਦੇ ਕਰੀਬ 700 ਵਧੇਰੇ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ ਸੰਵੇਦਨਸ਼ੀਲ ਜੈਤੋ, ਕੋਟਕਪੂਰਾ, ਮੋਗਾ ਅਤੇ ਬਾਘਾ ਪੁਰਾਣਾ ਹਨ। ਇਥੇ ਸਭ ਤੋਂ ਵਧੇਰੇ ਪੁਲਿਸ ਬਲ ਤੈਨਾਤ ਕੀਤੇ ਗਏ ਹਨ।

ਬਰਨਾਲਾ ਵਿਚ 150 ਦੇ ਕਰੀਬ ਵਧੇਰੇ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ। ਨਾਮ ਚਰਚਾ ਘਰਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਬਰਨਾਲਾ ਦੇ ਬਾਜਾਖਾਨਾ ਰੋਡ ਅਤੇ ਧਨੌਲਾ ਰੋਡ ਉਤੇ ਬਣੇ ਨਾਮ ਚਰਚਾ ਘਰਾਂ ਦੇ ਬਾਹਰ 50-50 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ। ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਯੌਨ ਸ਼ੋਸ਼ਣ ਮਾਮਲੇ ਵਿਚ 25 ਅਗਸਤ 2017 ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਪੰਜਾਬ ਦੇ ਮਾਲਵਾ ਇਲਾਕੇ ਵਿਚ ਸਭ ਤੋਂ ਵੱਧ ਹਿੰਸਾ ਦੀਆਂ 34 ਵਾਰਦਾਤਾਂ ਦਰਜ ਕੀਤੀਆਂ ਗਈ ਸਨ।

ਇਸ ਵਿਚ ਬਠਿੰਡਾ ਦੇ ਬੱਲੁਆਨਾ ਦੇ ਰੇਲਵੇ ਸਟੇਸ਼ਨ, ਸੁਵਿਧਾ ਕੇਂਦਰ ਮਾਨਸਾ ਦੇ ਇਨਕਮ ਟੈਕਸ ਦਫਤਰ, ਪੋਸਟ ਆਫ਼ਿਸ, ਕੋਟਕਪੂਰੇ ਦੇ ਪਟਰੌਲ ਪੰਪ ਸਮੇਤ ਕਈ ਥਾਵਾਂ ਉਤੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਹੁਣ ਪ੍ਰਸ਼ਾਸਨ 11 ਜਨਵਰੀ ਨੂੰ ਹੋਣ ਵਾਲੇ ਡੇਰਾ ਮੁਖੀ ਦੇ ਕੇਸ ਦੇ ਫ਼ੈਸਲੇ ਨੂੰ ਲੈ ਕੇ ਕੋਈ ਵੀ ਰਿਸਕ ਲੈਣ ਨੂੰ ਤਿਆਰ ਨਹੀਂ। ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦਾ 2002 ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।

ਇਸ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ। ਪਰਵਾਰ ਦੀ ਮੰਗ ਉਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਸ ਦੀ ਜਾਂਚ ਨਵੰਬਰ 2003 ਨੂੰ ਸੀਬੀਆਈ ਨੂੰ ਸੌਂਪ ਦਿਤੀ ਸੀ। ਸੀਬੀਆਈ ਨੇ ਜਾਂਚ ਤੋਂ ਬਾਅਦ 2007 ਵਿਚ ਕੋਰਟ ਵਿਚ ਚਲਾਨ ਪੇਸ਼ ਕਰ ਦਿਤਾ ਸੀ। ਇਸ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੀ ਸਾਜਿਸ਼ ਰਚਣ ਦੇ ਇਲਜ਼ਾਮ ਵਿਚ ਧਾਰਾ 120ਬੀ ਆਈਪੀਸੀ ਵਿਚ ਦੋਸ਼ੀ ਠਹਿਰਾਇਆ ਗਿਆ ਸੀ। 11 ਜਨਵਰੀ ਨੂੰ ਇਸ ਮਾਮਲੇ ਵਿਚ ਸੀਬੀਆਈ ਕੋਰਟ ਵਿਚ ਫ਼ੈਸਲਾ ਹੋਣ ਦੀ ਸੰਭਾਵਨਾ ਹੈ।