ਹੁਕਮਨਾਮਾ ਸਾਹਿਬ 'ਤੇ ਇਕੋ ਚੈਨਲ ਦਾ ਕਬਜ਼ਾ ਕਿਉਂ?

ਏਜੰਸੀ

ਖ਼ਬਰਾਂ, ਪੰਜਾਬ

ਕੀ ਕਿਸੇ ਹੋਰ ਨੂੰ ਨਹੀਂ ਧਰਮ ਪ੍ਰਚਾਰ ਦਾ ਅਧਿਕਾਰ?

file photo

ਚੰਡੀਗੜ੍ਹ : ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ 'ਚ ਅਪਣਾ ਵਡਮੁੱਲਾ ਯੋਗਦਾਨ ਪਾ ਰਹੇ ਰੋਜ਼ਾਨਾ ਸਪੋਕਸਮੈਨ ਟੀਵੀ ਚੈਨਲ ਤੋਂ ਇਲਾਵਾ ਹੋਰ ਕਈ ਚੈਨਲਾ ਨੂੰ ਹੁਣ ਸਿੱਖੀ ਦੇ ਪ੍ਰਚਾਰ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਸ੍ਰੀ ਹਰਿਮੰਦਰ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਨੂੰ ਵੱਡੀ ਗਿਣਤੀ ਲੋਕਾਂ ਤਕ ਪਹੁੰਚਾਉਣ ਦਾ ਅਪਣਾ ਫ਼ਰਜ਼ ਨਿਭਾਉਣ ਵਾਲੇ ਇਨ੍ਹਾਂ ਚੈਨਲਾਂ ਨੂੰ ਹੁਣ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਵਾਲੇ ਇਕ ਚੈਨਲ ਨੇ ਨੋਟਿਸ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਨੂੰ ਲੋਕਾਂ ਤਕ ਪਹੁੰਚਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।

ਚੈਨਲ ਵਿਸ਼ੇਸ਼ ਵਲੋਂ ਭੇਜੇ ਗਏ ਇਸ ਨੋਟਿਸ ਵਿਚ ਹੁਕਮਨਾਮਾ ਸਾਹਿਬ ਦੀ ਆਵਾਜ਼ ਸੁਣਾਉਣ 'ਤੇ ਇਤਰਾਜ਼ ਜਤਾਇਆ ਗਿਆ ਹੈ ਜੋ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵਲੋਂ ਰੋਜ਼ ਸਵੇਰੇ ਪੜ੍ਹਿਆ ਜਾਂਦਾ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਅਪਲੋਡ ਕੀਤੀ ਗਈ ਹੁਕਮਨਾਮਾ ਸਾਹਿਬ ਦੀ ਆਡੀਓ ਉਨ੍ਹਾਂ ਦੇ ਚੈਨਲ ਨਾਲ ਮੈਚ ਕਰਦੀ ਹੈ। ਦੂਜੇ ਪਾਸੇ ਚੈਨਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਪੜ੍ਹਿਆ ਜਾਣ ਵਾਲਾ ਹੁਕਮਨਾਮਾ ਸਾਹਿਬ ਸਵੇਰੇ ਇਕ ਵਾਰ ਇਕ ਹੀ ਗ੍ਰੰਥੀ ਸਾਹਿਬ ਵਲੋਂ ਪੜ੍ਹਿਆ ਜਾਂਦਾ ਹੈ ਤਾਂ ਉਸ ਦੀ ਆਵਾਜ਼ ਦਾ ਮੈਚ ਹੋਣਾ ਲਾਜ਼ਮੀ ਹੈ।

ਇਸ ਤੋਂ ਇਲਾਵਾ ਇਹ ਹੁਕਮਨਾਮਾ ਸਾਹਿਬ ਲਿਖਤੀ ਅਤੇ ਆਡੀਓ ਦੋਵੇਂ ਰੂਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ 'ਤੇ ਰੋਜ਼ਾਨਾ ਪਾਇਆ ਜਾਂਦਾ ਹੈ। ਚੈਨਲਾਂ ਅਨੁਸਾਰ ਉਨ੍ਹਾਂ ਵਲੋਂ ਇਹ ਹੁਕਮਨਾਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੋਂ ਡਾਊਨ ਲਾਊਡ ਕੀਤਾ ਜਾਂਦਾ ਹੈ। ਟੀਵੀ ਚੈਨਲ ਪ੍ਰਬੰਧਕਾਂ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਸਲੇ 'ਚ ਤੁਰੰਤ ਦਖ਼ਲ ਦੇ ਕੇ ਚੈਨਲ ਵਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ 'ਚ ਲੱਗੇ ਚੈਨਲਾਂ ਨੂੰ ਰੋਕਣ ਲਈ ਭੇਜੇ ਨੋਟਿਸ ਸਬੰਧੀ ਦਖ਼ਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਸਿੱਖੀ ਦੇ ਪ੍ਰਚਾਰ 'ਚ ਅਪਣਾ ਯੋਗਦਾਨ ਪਾ ਸਕਣ।

ਇਸੇ ਦੌਰਾਨ ਕਈ ਸਿੱਖ ਜਥੇਬੰਦੀਆਂ ਨੇ ਵੀ ਉਪਰੋਕਤ ਚੈਨਲ ਵਲੋਂ ਭੇਜੇ ਗਏ ਨੋਟਿਸ ਦੀ ਨਿੰਦਾ ਕੀਤੀ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਪਹਿਲਾਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰ੍ਰੋਮਣੀ ਕਮੇਟੀ 'ਤੇ ਇਕ ਧਿਰ ਨੇ ਕਾਬਜ਼ ਹੋ ਕੇ ਸਿੱਖੀ ਦਾ ਨੁਕਸਾਨ ਕੀਤਾ ਹੈ। ਹੁਣ ਸਿੱਖੀ ਦੇ ਪ੍ਰਚਾਰ ਨੂੰ ਵੀ ਇਕ ਧਿਰ ਹੱਥ ਦੇਣ ਦੀ ਕੋਸ਼ਿਸ਼ ਹੋ ਰਹੀ ਹੈ।

ਜਥੇਬੰਦੀਆਂ ਦਾ ਕਹਿਣਾ ਹੈ ਕਿ ਪਹਿਲਾ ਗੁਰੂ ਦੀ ਗੋਲਕ 'ਤੇ ਕਬਜ਼ੇ ਦੀ ਕੋਸ਼ਿਸ਼ ਨੇ ਸਿੱਖੀ ਨੂੰ ਡਾਢਾ ਨੁਕਸਾਨ ਪਹੁੰਚਾਇਆ ਹੈ, ਹੁਣ ਹੁਣ ਰਹਿੰਦੀ ਖੂੰਹਦੀ ਕਸਰ ਸਿੱਖੀ ਦੇ ਪ੍ਰਚਾਰ ਦਾ ਹੱਕ ਇਕ ਧਿਰ ਦੇ ਚਹੇਤੇ ਇਸ ਟੀਵੀ ਚੈਨਲ ਨੂੰ ਸੌਂਪ ਕੇ ਕੱਢੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।