ਕੈਪਟਨ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤੰਗ ਕਰਨ 'ਤੇ ਸੁਖਬੀਰ ਨੇ ਲਿਆ ਵੱਡਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕਿਹਾ....

Manpreet with Sukhbir Badal

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਤੁਰੰਤ ਵਿੱਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀ 13ਵੀਂ ਤਨਖਾਹ ਬੰਦ ਕਰਨ ਦੇ ਫੈਸਲੇ ਨੂੰ ਲਾਗੂ ਨਾ ਕੀਤਾ ਜਾਵੇ। ਪੰਜਾਬ ਪੁਲਸ ਦੇ ਕਰਮਚਾਰੀਆਂ ਨਾਲ ਇਕਜੁਟਤਾ ਦਾ ਮੁਜ਼ਾਹਰਾ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਫੈਸਲੇ ਖ਼ਿਲਾਫ ਡਟ ਕੇ ਲੜਾਈ ਲੜਾਂਗੇ।

ਜੇਕਰ ਫਿਰ ਵੀ ਕਾਂਗਰਸ ਸਰਕਾਰ ਇਸ ਲੋਕ-ਵਿਰੋਧੀ ਨੂੰ ਕਦਮ ਨੂੰ ਲਾਗੂ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣਦੇ ਹੀ ਇਸ ਫੈਸਲੇ ਨੂੰ ਵਾਪਸ ਲੈ ਲਿਆ ਜਾਵੇਗਾ। ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ਉਤੇ ਮੁਲਾਜ਼ਮਾਂ ਨੂੰ ਭਰੋਸੇ ਦਿਵਾਉਂਦਿਆਂ ਕਿਹਾ ਕਿ ਮੈਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿਮੰਦਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਸੂਬੇ ਦੇ ਵਿੱਤ ਵਿਭਾਗ ਨੂੰ ਪੰਜਾਬ ਪੁਲਿਸ ਮੁਲਾਜ਼ਮਾਂ ਦੀ 13ਵੀਂ ਤਨਖਾਹ ਬੰਦ ਕਰਨ ਦਾ ਫ਼ੈਸਲਾ ਲਾਗੂ ਹੋਣ ਤੋਂ ਰੋਕਣ ਦੇ ਨਿਰਦੇਸ਼ ਜਾਰੀ ਕਰਨ, ਹਾਲਾਂਕਿ ਮੈਂ ਪੁਲਿਸ ਵਾਲਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੇ ਇਹ ਕਦਮ ਲਾਗੂ ਕੀਤਾ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਬਣਦੇ ਸਾਰ ਇਹ ਫ਼ੈਸਲਾ ਰੱਦ ਕਰਾਂਗੇ।

ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ 1979 ਵਿੱਚ ਸ਼ੁਰੂ ਕੀਤੀ ਗਈ ਇਹ 13ਵੀਂ ਤਨਖਾਹ, ਪੁਲਿਸ ਕਰਮਚਾਰੀਆਂ ਨੂੰ 30 ਅਖਤਿਆਰੀ ਛੁੱਟੀਆਂ ਦੀ ਬਜਾਏ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਹੈ ਕਿਉਂ ਕਿ ਸਾਡੇ ਪੁਲਿਸ ਸਟੇਸ਼ਨ ਚੌਵੀ ਘੰਟੇ ਨਿਰੰਤਰ ਕਾਰਜਸ਼ੀਲ ਹੁੰਦੇ ਹਨ ਅਤੇ ਅਮਨ ਕਾਨੂੰਨ ਬਣਾਏ ਰੱਖਣ ਲਈ ਪੁਲਿਸ ਕਰਮਚਾਰੀ ਹਰ ਵੇਲੇ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਂਦੇ ਹਨ।

13ਵੀਂ ਤਨਖ਼ਾਹ ਰੋਕਣਾ, ਅਸਿੱਧੇ ਤੌਰ 'ਤੇ ਸਮਾਜ ਵਿਰੋਧੀ ਅਨਸਰਾਂ ਨੂੰ ਮਦਦ ਕਰਨ ਵਰਗਾ ਸਾਬਤ ਹੋਵੇਗਾ। ਸੁਖਬੀਰ ਨੇ ਕਿਹਾ ਕਿ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਅਤੇ ਪੁਲਸ ਨੂੰ ਪੇਸ਼ਾਵਰ ਢੰਗ ਨਾਲ ਡਿਊਟੀ ਕਰਨ ਤੋਂ ਰੋਕੇ ਜਾਣ ਕਰਕੇ ਪਹਿਲਾਂ ਹੀ ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਸ ਕਰਮੀਆਂ ਦੀ 13ਵੀਂ ਤਨਖਾਹ ਬੰਦ ਕਰਨਾ ਸਮਾਜ-ਵਿਰੋਧੀ ਤੱਤਾਂ ਦੀ ਮੱਦਦ ਕਰੇਗਾ।

ਉਨ੍ਹਾਂ ਕਿਹਾ ਕਿ ਪੁਲਸ ਕਰਮੀਆਂ ਨੂੰ 13ਵੀਂ ਤਨਖਾਹ ਆਪਣੀਆਂ ਸਾਲਾਨਾ 30 ਅਖ਼ਤਿਆਰੀ ਛੁੱਟੀਆਂ ਨਾ ਲੈਣ ਬਦਲੇ ਦਿੱਤੀ ਜਾਂਦੀ ਹੈ। ਪੁਲਸ ਕਰਮਚਾਰੀ ਡਿਊਟੀ ਨੂੰ ਪਹਿਲ ਦਿੰਦਿਆਂ ਇਨ੍ਹਾਂ ਛੁੱਟੀਆਂ ਨੂੰ ਤਿਆਗ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਕਰਮੀਆਂ ਵਲੋਂ ਕੀਤੀ ਜਾਂਦੀ ਇਸ ਕੁਰਬਾਨੀ ਕਰਕੇ ਹੀ ਸਾਡੇ ਪੁਲਿਸ ਥਾਣਿਆਂ ਅੰਦਰ 24 ਘੰਟੇ ਪੁਲਿਸ ਤਾਇਨਾਤ ਰਹਿੰਦੀ ਹੈ, ਜੋ ਅਮਨ-ਕਾਨੂੰਨ ਦੀ ਰਾਖੀ ਅਤੇ ਗਸ਼ਤ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ 13ਵੀਂ ਤਨਖਾਹ ਨੂੰ ਬੰਦ ਕਰਨ ਦਾ ਪੁਲਿਸ ਦੇ ਕੰਮ ਕਾਜ 'ਤੇ ਮਾੜਾ ਅਸਰ ਪਵੇਗਾ ਅਤੇ ਇਸ ਨਾਲ ਆਮ ਜਨਤਾ ਨੂੰ ਵੀ ਭਾਰੀ ਅਸੁਵਿਧਾ ਹੋਵੇਗੀ।