ਸੁਖਬੀਰ ਬਾਦਲ ਵਲੋਂ ਭਾਈ ਰਾਜੋਆਣਾ ਨੂੰ ਭੁੱਖ ਹੜਤਾਲ ਨਾ ਕਰਨ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅਕਾਲੀ ਦਲ ਦੇ ਵਫ਼ਦ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦੇ ਘਰ ਮੁਲਾਕਾਤ ਕਰਨ ਪਹੁੰਚੇ।

Photo

ਲੁਧਿਆਣਾ (ਸਰਬਜੀਤ ਲੁਧਿਆਣਵੀ) : ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਜੇਲ ਅੰਦਰ 11 ਜਨਵਰੀ ਤੋਂ ਭੁੱਖ ਹੜਤਾਲ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅਕਾਲੀ ਦਲ ਦੇ ਵਫ਼ਦ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦੇ ਘਰ ਮੁਲਾਕਾਤ ਕਰਨ ਪਹੁੰਚੇ।

ਜਿਥੇ ਸੁਖਬੀਰ ਬਾਦਲ ਨੇ ਭਾਈ ਰਾਜੋਆਣਾ ਦੇ ਪਰਵਾਰ ਨਾਲ ਖੜੇ ਰਹਿਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁੰਮਾਇੰਦਾ ਜਥੇਬੰਦੀ ਹੈ ਤੇ ਹਮੇਸ਼ਾ ਹੀ ਕੌਮ ਲਈ ਲੜਦੀ ਆਈ ਹੈ। ਉਨ੍ਹਾਂ ਭਾਈ ਰਾਜੋਆਣਾ ਨੂੰ ਭੁੱਖ ਹੜਤਾਲ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਫ਼ਾਸੀ ਦੀ ਸ਼ਜਾ ਮੁਆਫ਼ ਕਰਵਾਉਣ ਲਈ ਕੇਂਦਰੀ ਗ੍ਰਹਿ ਵਿਭਾਗ ਨੂੰ ਲਿਖਣਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਮਾਨਯੋਗ ਸੁਪਰੀਮ ਕੋਰਟ ਤਕ ਵੀ ਪਹੁੰਚ ਕਰਨਗੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜਲਦ ਹੀ ਕਾਨੂੰਨ ਦੇ ਜਾਣਕਾਰਾਂ ਨਾਲ ਸਲਾਹ ਕਰ ਕੇ ਭਾਈ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਲਈ ਅਪੀਲ ਦਾਇਰ ਕੀਤੀ ਜਾਵੇਗੀ। ਉਨ੍ਹਾਂ ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਜਲਦ ਹੀ ਕੇਂਦਰ ਦੀ ਮੋਦੀ ਸਰਕਾਰ ਦੀ ਕੈਬਨਿਟ ਨਾਲ ਇਸ ਵਿਸ਼ੇ 'ਤੇ ਮੁਲਾਕਾਤ ਕਰਨਗੇ।

ਉਨ੍ਹਾਂ ਇਹ ਵੀ ਕਿਹਾ ਕਿ ਭਾਈ ਰਾਜੋਆਣਾ ਪਿਛਲੇ 24 ਸਾਲਾਂ ਤੋਂ ਜੇਲ ਵਿਚ ਹਨ। ਉਨ੍ਹਾਂ ਦੀ ਰਿਹਾਈ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਪਰਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ।

ਇਸ ਮੌਕੇ ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਅਕਾਲੀ ਦਲ ਵਫ਼ਦ ਦਾ ਧਨਵਾਦ ਕਰਦਿਆਂ ਹੋਇਆ ਕਿਹਾ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਜਿਹੜਾ ਭਰੋਸਾ ਦਿਤਾ ਹੈ, ਉਹ ਜਲਦ ਹੀ ਭਾਈ ਰਾਜੋਆਣਾ ਨਾਲ ਮਿਲ ਕੇ ਇਸ ਬਾਰੇ ਜਾਣਕਾਰੀ ਦੇਣਗੇ।

ਇਥੇ ਇਹ ਵੀ ਦਸਣਾ ਉਚਿਤ ਹੋਵੇਗਾ ਕਿ 30 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ ਕਰਾਉਣ ਲਈ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਸੀ। ਇਸ ਮੌਕੇ ਉਨ੍ਹਾਂ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਨਿਸ਼ਾਨੇ 'ਤੇ ਲੈਂਦਿਆ ਕਿਹਾ ਕਿ ਰਵਨੀਤ ਸਿੰਘ ਬਿੱਟੂ ਗਾਂਧੀ ਪਰਵਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ।

ਉਨ੍ਹਾਂ ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਸਿੱਖਾਂ 'ਤੇ ਹੋ ਰਹੇ ਹਮਲੇ ਅਤੇ ਉਜਾੜਨ ਦੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇਸ ਬਾਰੇ ਸਖ਼ਤ ਐਕਸ਼ਨ ਲਵੇਗੀ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ,  ਸ਼ਰਨਜੀਤ ਸਿੰਘ ਢਿੱਲੋਂ ਵਿਧਾਇਕ, ਹੀਰਾ ਸਿੰਘ ਗਾਬੜੀਆ, ਮਨਪ੍ਰੀਤ ਇਆਲੀ, ਰਣਜੀਤ ਸਿੰਘ ਢਿਲੋਂ, ਹਰਭਜਨ ਸਿੰਘ ਡੰਗ, ਭਾਈ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।