ਪੰਥਕ ਵਿਚਾਰਧਾਰਾ ਵਾਲੇ ਪ੍ਰਵਾਰ ਵੀ ਅਕਾਲੀ ਦਲ ਤੋਂ ਕਿਉਂ ਦੂਰ ਹੋ ਰਹੇ ਹਨ? : ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਥ ਹਿਤੈਸ਼ੀ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਪੰਥਕ ਸੰਸਥਾਵਾਂ ਨੂੰ ਇਕ ਪਰਵਾਰ ਦੇ ਗ਼ਲਬੇ ਤੋਂ ...

File Photo

ਸੰਗਰੂਰ  (ਸਿੱਧੂ, ਟਿੰਕਾ): ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਥ ਹਿਤੈਸ਼ੀ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਪੰਥਕ ਸੰਸਥਾਵਾਂ ਨੂੰ ਇਕ ਪਰਵਾਰ ਦੇ ਗ਼ਲਬੇ ਤੋਂ ਮੁਕਤ ਕਰਵਾਉਣ ਲਈ ਅੱਗੇ ਆਉਣ ਤਾਂ ਕਿ ਸ਼੍ਰੋਮਣੀ ਕਮੇਟੀ ਤੇ ਸੰਸਥਾਵਾਂ ਦੀ ਸਰਵਉੱਚਤਾ ਤੇ ਮਾਣ ਮਰਿਆਦਾ ਬਹਾਲ ਕਰਵਾਉਣ ਲਈ ਸ਼ੁਰੂ ਕੀਤੀ ਪੰਥਕ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਢੀਂਡਸਾ ਨੇ ਕਿਹਾ ਕਿ ਜਿਸ ਢੰਗ ਨਾਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦਾ ਜਨ-ਆਧਾਰ ਹੇਠਾਂ ਗਿਆ ਹੈ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਵਾਲ ਜਿੱਤ-ਹਾਰ ਦਾ ਨਹੀਂ ਹੈ ਸਗੋਂ ਸਵਾਲ ਤਾਂ ਇਹ ਹੈ ਕਿ ਪੰਥਕ ਵਿਚਾਰਧਾਰਾ ਵਾਲੇ ਪਰਵਾਰ ਵੀ ਅਕਾਲੀ ਦਲ ਤੋਂ ਕਿਉਂ ਦੂਰ ਹੋ ਰਹੇ ਹਨ।

ਢੀਂਡਸਾ ਨੇ ਪੰਥਕ ਸੰਸਥਾਵਾਂ ਦੀ ਮਾਣ ਮਰਿਆਦਾ ਬਹਾਲ ਕਰਵਾਉਣ ਲਈ ਕੀਤੀਆਂ ਜਾਂ ਰਹੀਆਂ ਰੈਲੀਆਂ ਵਿਚ ਸਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ 'ਤੇ ਲਿਜਾਣ ਲਈ ਇਹ ਰੈਲੀਆਂ ਇਨਕਲਾਬੀ ਕਦਮ ਸਾਬਤ ਹੋਣਗੀਆਂ। ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜੇਕਰ ਪੰਥ 'ਤੇ ਆਏ ਸੰਕਟਾਂ ਨੂੰ ਪਿੰਡੇ 'ਤੇ ਨਹੀਂ ਹੰਢਾਇਆ ਤਾਂ ਘੱਟੋ ਘੱਟ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੀ ਪੜ੍ਹ ਲੈਣ। 

ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਘੇਰਨ ਦੇ ਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਵਿਖੇ ਰੈਲੀ ਰੱਖੀ ਗਈ ਸੀ ਜਿਸ ਨੂੰ ਐਨ ਮੌਕੇ 'ਤੇ  ਸ਼੍ਰੋਮਣੀ ਅਕਾਲੀ ਦਲ ਬਨਾਮ ਢੀਂਡਸਾ ਪਰਵਾਰ 'ਚ ਤਬਦੀਲ ਕਰ ਦਿਤਾ ਗਿਆ। ਇਸੇ ਰੈਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਢੀਂਡਸਾ ਪਰਵਾਰ ਨੂੰ ਬਾਹਰ ਦਾ ਰਸਤਾ ਵਿਖਾਇਆ। 

ਹੁਣ ਢੀਂਡਸਾ ਪਰਵਾਰ ਵਲੋਂ ਵੀ ਅਕਾਲੀ ਦਲ ਨੂੰ ਢੁਕਵਾਂ ਜਵਾਬ ਦੇਣ ਖ਼ਾਤਰ ਸੰਗਰੂਰ ਵਿਖੇ ਰੈਲੀ ਦਾ ਐਲਾਨ ਕਰ ਦਿਤਾ ਗਿਆ ਹੈ। 23 ਫ਼ਰਵਰੀ ਨੂੰ ਹੋਣ ਜਾ ਰਹੀ ਇਸ ਰੈਲੀ ਲਈ ਢੀਂਡਸਾ ਪਰਵਾਰ ਵਲੋਂ ਪਿੰਡਾਂ 'ਚ ਲਾਮਬੰਦੀ ਆਰੰਭੀ ਗਈ ਹੈ। ਰੈਲੀ ਦੀਆਂ ਤਿਆਰੀਆਂ ਲਈ ਪਿੰਡਾਂ ਦੇ ਦੌਰੇ 'ਤੇ ਪਹੁੰਚੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਵੱਡੇ ਸ਼ਬਦੀ ਹਮਲੇ ਬੋਲਦਿਆਂ ਖ਼ੂਬ ਰਗੜੇ ਲਾਏ ਹਨ।