Punjab News: ਨਵਾਂ ਸ਼ਹਿਰ ਦੇ ਨੌਜਵਾਨ ਨੂੰ ਰੂਸੀ ਫ਼ੌਜ 'ਚ ਜ਼ਬਰਦਸਤੀ ਕੀਤਾ ਭਰਤੀ; ਪਰਵਾਰ ਨੇ ਮੰਗੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਦਿਨਾਂ ਦੀ ਸਿਖਲਾਈ ਮਗਰੋਂ ਜੰਗ ਵਿਚ ਭੇਜਣ ਦੇ ਇਲਜ਼ਾਮ

Narayan Singh

Punjab News: ਵਿਦੇਸ਼ ਜਾਣ ਦੇ ਚੱਕਰਾਂ ਵਿਚ ਬਹੁਤ ਸਾਰੇ ਪੰਜਾਬੀ ਕਈ ਵਾਰ ਅਪਣੀ ਅਤੇ ਅਪਣੇ ਪਰਵਾਰ ਦੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ। ਇਥੋਂ ਦਾ ਨਰਾਇਣ ਸਿੰਘ ਦਸੰਬਰ 2023 'ਚ ਰੂਸ ਗਿਆ ਸੀ ਪਰ ਵਾਪਸ ਨਹੀਂ ਆ ਸਕਿਆ ।

ਦਰਅਸਲ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚ ਹੁਣ ਭਾਰਤੀ ਨੌਜਵਾਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਟੂਰਿਸਟ ਵੀਜ਼ੇ 'ਤੇ ਰੂਸ ਗਏ ਨੌਜਵਾਨਾਂ ਨੂੰ ਡਰਾ ਧਮਕਾ ਕੇ ਫ਼ੌਜ 'ਚ ਭਰਤੀ ਹੋਣ ਲਈ ਮਜਬੂਰ ਕੀਤਾ ਗਿਆ| 15 ਦਿਨਾਂ ਦੀ ਸਿਖਲਾਈ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਯੂਕਰੇਨ ਵਿਰੁਧ ਜੰਗ ਲੜਨ ਲਈ ਭੇਜਿਆ ਗਿਆ ਸੀ।

ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 7 ਨੌਜਵਾਨਾਂ ਨੂੰ ਰੂਸ ਅਤੇ ਯੂਕਰੇਨ ਦੇ ਯੁੱਧ ਲਈ ਬਾਰਡਰ ਉਤੇ ਤੈਨਾਤ ਕੀਤਾ ਹੋਇਆ ਹੈ। ਇਨ੍ਹਾਂ ਵਿਚੋਂ ਇਕ ਨੌਜਵਾਨ ਜ਼ਿਲ੍ਹਾ ਨਵਾਂ ਸ਼ਹਿਰ ਦੇ ਕਸਬਾ ਬਲਾਚੌਰ ਅਧੀਨ ਆਉਂਦੇ ਪਿੰਡ ਗਰਲੋਂ ਬੇਟ ਦਾ ਨਰਾਇਣ ਸਿੰਘ ਹੈ। ਨਰਾਇਣ ਸਿੰਘ ਅਪਣੇ ਸਾਥੀਆਂ ਸਣੇ ਇਕ ਏਜੰਟ ਰਾਹੀਂ 26 ਦਸੰਬਰ 2023 ਨੂੰ ਰੂਸ ਵਿਚ ਬਤੌਰ ਵਿਜ਼ਟਰ ਵੀਜ਼ਾ ਉਤੇ ਗਿਆ ਸੀ। ਜਿਥੇ ਉਸ ਨੂੰ ਰੂਸੀ ਅਧਿਕਾਰੀਆਂ ਨੇ ਫੜ ਲਿਆ ਅਤੇ ਜੇਲ ਵਿਚ ਬੰਦ ਕਰ ਦਿਤਾ, ਉਸ ਕੋਲੋਂ ਪੇਪਰਾਂ ਉਤੇ ਦਸਤਖ਼ਤ ਕਰਵਾ ਲਏ ਅਤੇ 15 ਦਿਨ ਜੰਗ ਦੀ ਸਿਖਲਾਈ ਮਗਰੋਂ ਜੰਗ ਵਿਚ ਭੇਜ ਦਿਤਾ।

ਪਿਤਾ ਗੁਰਵੰਤ ਸਿੰਘ ਅਤੇ ਮਾਤਾ ਗੁਰਮੀਤ ਕੌਰ ਨੇ ਦਸਿਆ ਕਿ ਨਵੇਂ ਸਾਲ ਤੋਂ ਕੁੱਝ ਦਿਨ ਪਹਿਲਾਂ ਨਰਾਇਣ ਸਿੰਘ (21) ਅਪਣੇ ਦੋਸਤਾਂ ਨਾਲ ਟੂਰਿਸਟ ਵੀਜ਼ੇ 'ਤੇ ਰੂਸ ਗਿਆ ਸੀ। ਸਾਡੇ ਬੇਟੇ ਨੇ ਖਰਚੇ ਲਈ ਸਿਰਫ 6,000 ਰੁਪਏ ਲਏ ਸਨ। ਇਸ ਤੋਂ ਪਹਿਲਾਂ ਅਕਤੂਬਰ 2023 'ਚ ਉਹ 15 ਦਿਨਾਂ ਦੇ ਟੂਰਿਸਟ ਵੀਜ਼ੇ 'ਤੇ ਜਾਣ ਤੋਂ ਬਾਅਦ ਵਾਪਸ ਪਰਤਿਆ ਸੀ।

ਉਨ੍ਹਾਂ ਕਿਹਾ ਕਿ ਨਰਾਇਣ ਨੇ ਪਿਛਲੇ ਸ਼ਨਿਚਰਵਾਰ ਨੂੰ ਫੋਨ ਕੀਤਾ ਸੀ ਅਤੇ ਉਹ ਬਹੁਤ ਡਰਿਆ ਹੋਇਆ ਸੀ ਅਤੇ ਉਸ ਨੇ ਸਾਨੂੰ ਦਸਿਆ ਕਿ ਰੂਸੀ ਅਧਿਕਾਰੀਆਂ ਨੇ ਪਹਿਲਾਂ ਉਸ ਨੂੰ ਧਮਕੀ ਦਿਤੀ ਅਤੇ ਕਿਹਾ ਕਿ ਜਾਂ ਤਾਂ ਉਸ ਨੂੰ 10 ਸਾਲ ਦੀ ਸਜ਼ਾ ਦਿਤੀ ਜਾਵੇਗੀ ਜਾਂ ਫਿਰ ਉਹ ਫ਼ੌਜ ਵਿਚ ਭਰਤੀ ਹੋ ਜਾਵੇ।

ਉਨ੍ਹਾਂ ਨੂੰ ਜ਼ਬਰਦਸਤੀ ਕਾਗਜ਼ਾਂ 'ਤੇ ਦਸਤਖਤ ਕਰਵਾ ਕੇ ਫ਼ੌਜ ਦੇ ਹਵਾਲੇ ਕਰ ਦਿਤਾ ਗਿਆ ਅਤੇ ਫ਼ੌਜ ਵਲੋਂ ਉਨ੍ਹਾਂ ਨੂੰ ਜ਼ਬਰਦਸਤੀ ਸਿਖਲਾਈ ਦਿਤੀ ਗਈ ਅਤੇ ਰੂਸ ਯੂਕਰੇਨ ਯੁੱਧ ਵਿਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਰਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।

(For more Punjabi news apart from Punjab News: Balachaur youth stuck in Russia-Ukraine war , stay tuned to Rozana Spokesman)