ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਕੀ ਅਕਾਲੀਆਂ ਦੀ ਵੱਡੀ ਜਿੱਤ ਹੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹਿਬਲ ਗੋਲੀਕਾਂਡ ਤੇ ਬਰਗਾੜੀ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਬਾਰੀਕੀ ਨਾਲ ਜਾਂਚ ਕਰ ਰਹੀ...

Akali and Kunwar Vijay Partap Singh

ਚੰਡੀਗੜ੍ਹ : ਬਹਿਬਲ ਗੋਲੀਕਾਂਡ ਤੇ ਬਰਗਾੜੀ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਸਿਟ ਦੇ ਸੀਨੀਅਰ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਉਤੇ ਸਿਟ ਤੋਂ ਲਾਂਭ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਵਿਚ ਖੁਸ਼ੀ ਹੈ ਅਤੇ ਅਕਾਲੀ ਦਲ ਆਗੂ ਇਸ ਨੂੰ ਅਪਣੀ ਵੱਡੀ ਜਿੱਤ ਮੰਨ ਰਹੇ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਿਟ ਤੋਂ ਲਾਂਭੇ ਕਰਨਾ ਕਿਧਰੇ ਸ਼੍ਰੋਮਣੀ ਅਕਾਲੀ ਦਲ ਲਈ ਸ਼ਰਾਪ ਹੀ ਨਾ ਬਣਾ ਜਾਵੇ ਕਿਉਂਕਿ ਪੰਜਾਬ ਦੀ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਤੋਂ ਇਲਾਵਾ ਪੰਥਕ ਜਥੇਬੰਦੀਆਂ ਤੇ ਸਮਾਜਕ ਸੰਸਥਾਵਾਂ ਨੇ ਸਿਟ ਦੇ ਇਸ ਮੈਂਬਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ ਅਤੇ ਆਖਿਆ ਹੈ ਕਿ ਹੁਣ ਜਦੋਂ ਸਿਟ ਦੀ ਜਾਂਚ ਬਾਦਲ ਦੇ ਘਰ ਵੱਲ ਜਾਣ ਲੱਗੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਅਧਿਕਾਰੀ ਵਿਰੁੱਧ ਸ਼ਿਕਾਇਤ ਕਰਕੇ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣ ਦਾ ਕਾਰਜ ਕੀਤਾ ਹੈ।

ਦੱਸ ਦਈਏ ਕਿ ਸਿਰ ‘ਤੇ ਲੋਕ ਸਭਾ ਚੋਣਾਂ ਹਨ ਅਤੇ ਬਹਿਬਲ ਗੋਲੀਕਾਂਡ ਤੇ ਬਰਗਾੜੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਜੋ ਠੰਡਾ ਪੈ ਗਿਆ ਸੀ ਪਰ ਕੁੰਬਰ ਵਿਜੈ ਪ੍ਰਤਾਪ ਸਿੰਘ ਨੂੰ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਦੀ ਸ਼ਿਕਾਇਤ ਉਤੇ ਬਦਲਣ ਤੋਂ ਬਾਅਦ ਇਕ ਵਾਰ ਚਰਚਾ ਦਾ ਵਿਸ਼ਾ ਗਿਆ ਹੈ। ਇਕ ਟਕਸਾਲੀ ਅਕਾਲੀ ਆਗੂ ਨੇ ਅਪਣੇ ਚੁੱਪੀ ਤੋੜਦਿਆਂ ਕਿਹਾ ਕਿ ਚੰਗਾ-ਭਲਾ ਮਾਮਲਾ ਹੁਣ ਸ਼ਾਂਤ ਹੋਇਆ ਸੀ ਪਰ ਅਕਾਲੀਆਂ ਨੇ ਸਿਟ ਦੇ ਸੀਨੀਅਰ ਪੁਲਿਸ ਅਧਿਕਾਰੀ ਦਾ ਤਬਾਦਲਾ ਕਰਵਾ ਕੇ ਅਪਣੇ ਪਾਰਾਂ ਉਤੇ ਆਪ ਕੁਹਾੜਾ ਮਾਰਨ ਵਾਲੀ ਗੱਲ ਕੀਤੀ ਹੈ। 

ਕਿਉਂਕਿ ਵਿਰੋਧੀਆਂ ਨੇ 2017 ਵਿਚ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ ਜੋ ਅਕਾਲੀਆਂ ਉਤੇ ਲਾਏ ਸਨ, ਉਹ 2019 ਵਿਚ ਵੀ ਕਿਧਰੇ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਸਿਆਸੀ ਸ਼ਰਾਪ ਹੀ ਨਾ ਬਣ ਜਾਣ। ਦਸਣਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਅਪਣੇ ਉਕਤ ਪੱਤਰ ਵਿਚ ਪ੍ਰਗਟਾਵਾ ਕੀਤਾ ਹੈ ਕਿ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜ਼ਰਾਲ ਵਲੋਂ ਲੰਘੀ 22 ਮਾਰਚ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੁਧ ਇਕ ਸ਼ਿਕਾਇਤ ਕਮਿਸ਼ਨ ਕੋਲ ਦਰਜ ਕਰਵਾਈ ਗਈ ਸੀ ਜਿਸ ਦੀ ਪੜਤਾਲ ਮਗਰੋਂ ਪਾਇਆ ਗਿਆ

ਕਿ ਇਸ ਅਧਿਕਾਰੀ ਵਲੋਂ 18 ਅਤੇ 19 ਮਾਰਚ ਨੂੰ ਸਿਆਸਤ ਤੋਂ ਪ੍ਰੇਰਿਤ ਟੀਵੀ ਇੰਟਰਵਿਊ ਦਿਤੀ ਗਈ ਸੀ ਜੋ ਕਿ ਸਿੱਟ ਵਲੋਂ ਜਾਰੀ ਜਾਂਚ ਪੜਤਾਲ 'ਤੇ ਆਧਾਰਤ ਸੀ ਤੇ ਉਸ ਵਿਚ ਕੁੱਝ ਸਿਆਸੀ ਕੁਮੈਂਟ ਕੀਤੇ ਗਏ ਸਨ। ਇਹ ਪ੍ਰਭਾਵ ਲਿਆ ਗਿਆ ਹੈ ਕਿ ਉਕਤ ਇੰਟਰਵਿਊ ਸਿਆਸੀ ਮਨਸ਼ਿਆਂ ਨਾਲ ਕੀਤੀ ਗਈ ਸੀ ਤੇ ਇਸ ਵਿਚ ਕੁੱਝ ਸਿਆਸੀ ਆਗੂਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।