ਮਲੇਸ਼ੀਆ ’ਚ ਫਸੇ ਨੌਜਵਾਨ ਨੇ ਪੰਜਾਬ ਵਾਪਸੀ ਲਈ ਭਗਵੰਤ ਮਾਨ ਅੱਗੇ ਲਾਈ ਗੁਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਲੇਸ਼ੀਆ ’ਚ ਫਸਿਆ ਨੌਜਵਾਨ ਭਗਵੰਤ ਮਾਨ ਦੇ ਹੀ ਪਿੰਡ ਦਾ

Bhagwant Mann

ਸੰਗਰੂਰ: ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਇਆ ਇਕ ਹੋਰ ਨੌਜਵਾਨ ਮਲੇਸ਼ੀਆ ਫਸਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਰਹਿਣ ਵਾਲਾ ਹੈ। ਨੌਜਵਾਨ ਗੁਰਸੇਵਕ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਅਪਣੀ ਪੰਜਾਬ ਵਾਪਸੀ ਲਈ ਭਗਵੰਤ ਮਾਨ ਨੂੰ ਗੁਹਾਰ ਲਗਾਈ ਹੈ। ਵੀਡੀਓ ਵਿਚ ਗੁਰਸੇਵਕ ਮਾਨ ਨੂੰ ਪੰਜਾਬ ਵਾਪਸ ਲਿਆਉਣ ਲਈ ਅਪੀਲ ਕਰ ਰਿਹਾ ਹੈ।

ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਜਿੰਨ੍ਹਾਂ ਨੇ ਉਸ ਨੂੰ ਮਲੇਸ਼ੀਆ ਭੇਜਿਆ ਹੈ ਉਹ ਮਾਨਸਾ ਤੇ ਬਠਿੰਡਾ ਦੇ ਟਰੈਵਲ ਏਜੰਟ ਹਨ। ਉਸ ਨਾਲ ਧੋਖਾ ਕੀਤਾ ਗਿਆ ਹੈ, ਉੱਥੇ ਜੋ ਕੰਮ ਉਸ ਨੂੰ ਬੋਲਿਆ ਗਿਆ ਸੀ, ਉਸ ਤੋਂ ਉਲਟ ਕੰਮ ਕਰਵਾਇਆ ਜਾ ਰਿਹਾ ਹੈ। ਉੱਥੇ ਉਹ ਭਾਂਡੇ ਮਾਂਜ ਕੇ ਅਪਣਾ ਗੁਜ਼ਾਰ ਕਰ ਰਿਹਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਅੱਜ ਹੀ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਦੀ ਜਾਣਕਾਰੀ ਭੇਜ ਰਹੇ ਹਨ।

ਉਨ੍ਹਾਂ ਗੁਰਸੇਵਕ ਦੀ ਜਲਦ ਵਾਪਸੀ ਦਾ ਭਰੋਸਾ ਜਤਾਇਆ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਵੀਡੀਓ ਜਾਰੀ ਕਰਕੇ ਨੌਜਵਾਨਾਂ ਨੂੰ ਕਿਹਾ ਸੀ ਕਿ ਰੁਜ਼ਗਾਰ ਦੀ ਭਾਲ ਵਿਚ ਅਜਿਹੇ ਮੁਲਕਾਂ ਵਿਚ ਨਾ ਜਾਣ ਜਿੱਥੇ ਜਾ ਕੇ ਉਹ ਫਸ ਜਾਣ ਤੇ ਫਿਰ ਕੰਮ ਨਾ ਮਿਲੇ ਤੇ ਮੁਸ਼ਕਲ ਦਾ ਸਾਹਮਣਾ ਪਵੇ।

ਦੱਸ ਦਈਏ ਕਿ ਇਸ ਦੇ ਨਾਲ ਹੀ ਕੁਵੈਤ ਵਿਚ ਫਸੇ 40 ਭਾਰਤੀਆਂ ਨੇ ਵੀ ਵੀਡੀਓ ਜਾਰੀ ਕਰਕੇ ਮਾਨ ਨੂੰ ਉਨ੍ਹਾਂ ਦੀ ਵਤਨ ਵਾਪਸੀ ਦੀ ਗੁਹਾਰ ਲਗਾਈ ਹੈ। ਇਨ੍ਹਾਂ ਵਿਚੋਂ 15 ਪੰਜਾਬੀ ਹਨ ਜਿਨ੍ਹਾਂ ਕੋਲ ਖਾਣਾ ਖਾਣ ਜੋਗੇ ਪੈਸੇ ਵੀ ਨਹੀਂ ਹਨ।