ਬਦਰੰਗ ਦਾਣੇ ਦੇ ਨਾਂ 'ਤੇ ਕਟੌਤੀ ਦਾ ਫ਼ੈਸਲਾ ਤੁਰੰਤ ਵਾਪਸ ਲਵੇ ਮੋਦੀ ਸਰਕਾਰ : ਭਗਵੰਤ ਮਾਨ
ਕਿਹਾ - ਕੈਪਟਨ ਅਤੇ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਹੱਕ 'ਚ ਲਕੀਰ ਖਿੱਚਣ
ਚੰਡੀਗੜ੍ਹ : ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਰਜ਼ ਦੇ ਭਾਰ ਥੱਲੇ ਦੱਬਦੇ ਜਾ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ 'ਚ ਖ਼ੁਦਕੁਸ਼ੀਆਂ ਦੇ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਪਰ ਸਰਕਾਰਾਂ ਕਿਸਾਨਾਂ ਪ੍ਰਤੀ ਸੰਵੇਦਨਾ ਵਿਖਾਉਣ ਦੀ ਥਾਂ ਪੱਥਰ ਵਾਂਗ ਸਖ਼ਤ ਹੋਈਆਂ ਪਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ।
ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਬਦਰੰਗ ਦਾਣੇ ਦੇ ਨਾਂ 'ਤੇ ਕਣਕ ਦੇ ਖ਼ਰੀਦ ਮੁੱਲ 'ਤੇ ਕੱਟ ਲਗਾਉਣ ਦੇ ਫ਼ੈਸਲੇ ਨੂੰ ਕਿਸਾਨ ਵਿਰੋਧੀ ਫ਼ੈਸਲਾ ਕਰਾਰ ਦਿੱਤਾ ਅਤੇ ਇਸ ਕਿਸਾਨ ਮਾਰੂ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੌਸਮ ਦੇ ਨਾਲ-ਨਾਲ ਅਕਾਲੀ-ਭਾਜਪਾ ਗਠਜੋੜ ਵਾਲੀ ਮੋਦੀ ਸਰਕਾਰ ਵੀ ਕਿਸਾਨਾਂ ਦੀ ਵੈਰੀ ਬਣ ਗਈ ਹੈ। ਮੌਸਮ ਦੀ ਮਾਰ ਕਾਰਨ ਬਦਰੰਗ ਦਾਣੇ ਵਾਲੀ ਕਣਕ ਦੀ ਖ਼ਰੀਦ 'ਚ ਜੋ ਢਿੱਲ ਕੇਂਦਰ ਸਰਕਾਰ ਨੇ ਐਲਾਨੀ ਸੀ, ਹੁਣ ਉਸ ਦੀ ਕੀਮਤ ਵਸੂਲੀ ਕਰਨ ਦਾ ਕਿਸਾਨ ਮਾਰੂ ਫ਼ੈਸਲਾ ਸੁਣਾ ਦਿੱਤਾ ਹੈ, ਜਿਸ ਨਾਲ ਕਿਸਾਨਾਂ ਕੋਲੋਂ ਪ੍ਰਤੀ ਕਵਿੰਟਲ 4 ਰੁਪਏ 60 ਪੈਸੇ ਦੀ ਕਟੌਤੀ ਵਸੂਲੀ ਜਾਵੇਗੀ।
ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ। ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਜਦ ਉਨ੍ਹਾਂ ਦੀ ਸਰਕਾਰ ਅਜਿਹੇ ਮਾਰੂ ਫ਼ੈਸਲੇ ਲੈਂਦੀ ਹੈ ਤਾਂ ਇਹ ਕਿੱਥੇ ਸੁੱਤੇ ਪਏ ਹੁੰਦੇ ਹਨ। ਮਾਨ ਨੇ ਕਿਹਾ ਕਿ ਜੇ ਹਰਸਿਮਰਤ ਕੌਰ ਬਾਦਲ ਅਤੇ ਬਾਦਲ ਪਰਿਵਾਰ ਕਿਸਾਨਾਂ ਪ੍ਰਤੀ ਥੋੜ੍ਹੀ ਬਹੁਤੀ ਵੀ ਹਮਦਰਦੀ ਰੱਖਦਾ ਹੈ ਤਾਂ ਇਹ ਫ਼ੈਸਲਾ ਤੁਰੰਤ ਵਾਪਸ ਕਰਾਉਣ।
ਮਾਨ ਨੇ ਕਿਹਾ ਕਿ ਬੇਮੌਸਮੀ ਬਰਸਾਤ ਅਤੇ ਹਨੇਰੀ-ਝੱਖੜ ਨੇ ਪੱਕੀ ਫ਼ਸਲ ਦੀ ਭਾਰੀ ਬਰਬਾਦੀ ਕੀਤੀ ਹੈ, ਇਸ ਲਈ ਮੋਦੀ ਵਾਧੂ ਬੋਨਸ ਦੇਣ ਦੀ ਥਾਂ ਨਿਰਧਾਰਿਤ ਐਮ.ਐਸ.ਪੀ. 'ਚ ਵੀ ਕੱਟ ਲਗਾ ਰਹੀ ਹੈ। ਦੂਜੇ ਪਾਸੇ ਮੰਡੀ ਮਾਫ਼ੀਆ ਨਮੀ ਅਤੇ ਬਦਰੰਗ ਦਾਣਿਆਂ ਦੀ ਆੜ 'ਚ ਕਿਸਾਨਾਂ ਨੂੰ ਬਲੈਕਮੇਲ ਕਰ ਕੇ ਪ੍ਰਤੀ ਬੋਰੀ ਧੜੱਲੇ ਨਾਲ 'ਗੁੰਡਾ ਟੈਕਸ' ਵਸੂਲ ਰਹੇ ਹਨ ਅਤੇ ਕੈਪਟਨ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ।