ਮਾਂ ਦਿਵਸ 'ਤੇ ਪ੍ਰਨੀਤ ਕੌਰ ਨੇ ਦੇਸ਼ ਦੀ ਸੇਵਾ ਵਿਚ ਲੱਗੀਆਂ ਔਰਤਾਂ ਨੂੰ ਕੀਤਾ ਸਲਾਮ

ਏਜੰਸੀ

ਖ਼ਬਰਾਂ, ਪੰਜਾਬ

ਪੂਰੀ ਦੁਨੀਆ ਵਿਚ ਅੱਜ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਲਈ ਦੁਨੀਆ ਭਰ ਵਿਚ ਉਤਸ਼ਾਹ ਵੇਖਿਆ ਜਾਂਦਾ ਹੈ।

Photo

ਚੰਡੀਗੜ੍ਹ: ਪੂਰੀ ਦੁਨੀਆ ਵਿਚ ਅੱਜ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਲਈ ਦੁਨੀਆ ਭਰ ਵਿਚ ਉਤਸ਼ਾਹ ਵੇਖਿਆ ਜਾਂਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਪੂਰੀ ਦੁਨੀਆ ਕੋਰੋਨਾ ਯੋਧਿਆਂ ਨੂੰ ਸਲਾਮ ਕਰ ਰਹੀ ਹੈ।

ਇਸ ਦੌਰਾਨ ਕਈ ਅਜਿਹੀਆਂ ਮਾਵਾਂ ਵੀ ਹਨ ਜੋ ਇਸ ਮੁਸ਼ਕਲ ਦੀ ਘੜੀ ਵਿਚ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਮਾਂ ਦਿਵਸ ਦੇ ਇਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਹਲਕਾ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ।

ਉਹਨਾਂ ਨੇ ਅਪਣੇ ਸੰਦੇਸ਼ ਵਿਚ ਉਹਨਾਂ ਮਾਵਾਂ ਨੂੰ ਕੋਰੋਨਾ ਯੋਧੇ ਦੱਸਿਆ ਹੈ ਜੋ ਇਸ ਮਹਾਂਮਾਰੀ ਦੌਰਾਨ ਅਪਣੇ ਪਰਿਵਾਰ ਨੂੰ ਛੱਡ ਦੇ ਦੇਸ਼ ਦੀ ਸੇਵਾ ਕਰ ਰਹੀਆਂ ਹਨ। 

ਫੇਸਬੁੱਕ 'ਤੇ ਵੀਡੀਓ ਸੰਦੇਸ਼ ਜ਼ਰੀਏ ਉਹਨਾਂ ਕਿਹਾ , 'ਮਦਰਸ ਡੇਅ ਦੇ ਇਸ ਅਵਸਰ ਤੇ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਔਰਤ ਡਾਕਟਰਾਂ, ਨਰਸਾਂ ਅਤੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਪੰਜਾਬ ਨੂੰ ਇਸ ਸੰਕਟ ਵਿਚੋਂ ਬਾਹਰ ਕੱਢਣ ਵਿਚ ਲੱਗੀਆਂ ਹੋਈਆਂ ਹਨ, ਆਪਣੇ ਪਰਿਵਾਰ ਅਤੇ ਛੋਟੇ ਬੱਚਿਆਂ ਨੂੰ ਪਿੱਛੇ ਛੱਡ ਕੇ।

ਤੁਹਾਡੀ ਬੇਮਿਸਾਲ ਭਾਵਨਾ, ਖੁੱਲ੍ਹੇ ਪਿਆਰ ਵਾਲੇ ਦਿਲ ਅਤੇ ਬੇਮਿਸਾਲ ਜੋਸ਼ ਨੂੰ ਸਲਾਮ'। ਦੱਸ ਦਈਏ ਕਿ ਲੌਕਡਾਊਨ ਦੌਰਾਨ ਦੁਨੀਆ ਭਰ ਵਿਚ ਕਈ ਤਰ੍ਹਾਂ ਦੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਕਈ ਅਜਿਹੀਆਂ ਮਾਵਾਂ ਹਨ ਜੋ ਦੇਸ਼ ਦਾ ਨਾਗਰਿਕ ਹੋਣ ਦੇ ਨਾਲ-ਨਾਲ ਮਾਂ ਦਾ ਫ਼ਰਜ਼ ਵੀ ਬਾਖੂਬੀ ਨਿਭਾਅ ਰਹੀਆਂ ਹਨ।