ਜਲੰਧਰ ਜ਼ਿਮਨੀ ਚੋਣ: ਕਾਂਗਰਸ ਅਤੇ ਭਾਜਪਾ ਦਾ ਇਲਜ਼ਾਮ, ‘ਆਪ ਨੇ ਬਾਹਰੀ ਲੋਕਾਂ ਨੂੰ ਲਗਾਇਆ ਪੋਲਿੰਗ ਏਜੰਟ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਪੋਲਿੰਗ ਏਜੰਟ ਨਹੀਂ ਮਿਲ ਰਹੇ, ਉਨ੍ਹਾਂ ਦੇ ਬੂਥ ਖ਼ਾਲੀ ਪਏ ਹਨ।

Uproar over polling agents in Jalandhar by-election

 

ਜਲੰਧਰ: ਲੋਕ ਸਭਾ ਜ਼ਿਮਨੀ ਚੋਣ ਵਿਚ ਪੋਲਿੰਗ ਏਜੰਟਾਂ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਨੇ ਕੁੱਝ ਤਸਵੀਰਾਂ ਜਾਰੀ ਕੀਤੀਆਂ ਹਨ। ਇਹਨਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਇਥੇ ਬਾਹਰ ਤੋਂ ਵਰਕਰਾਂ ਨੂੰ ਬੁਲਾ ਕੇ ਪੋਲਿੰਗ ਏਜੰਟ ਬਣਾਇਆ ਹੈ।

ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਪੋਲਿੰਗ ਏਜੰਟ ਨਹੀਂ ਮਿਲ ਰਹੇ, ਉਨ੍ਹਾਂ ਦੇ ਬੂਥ ਖ਼ਾਲੀ ਪਏ ਹਨ। ਇਸ ਨੂੰ ਲੈ ਕੇ ਭਾਜਪਾ  ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਚੋਣ ਕਮਿਸ਼ਨ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਭੇਜ ਦਿਤੀ ਗਈ ਹੈ।

ਇਹ ਵੀ ਪੜ੍ਹੋ: ਹੁਣ ਦੇਸ਼ ਦੇ ਵੱਕਾਰੀ 'ਦਿ ਦੂਨ ਸਕੂਲ' ਵਿਚ ਮੁਫ਼ਤ ਪੜ੍ਹਨਗੇ ਗ਼ਰੀਬ ਘਰਾਂ ਦੇ ਹੋਣਹਾਰ ਬੱਚੇ 

ਕਾਂਗਰਸੀ ਵਿਧਾਇਕ ਨੇ ਜਾਰੀ ਕੀਤੀਆਂ ਤਸਵੀਰਾਂ

ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਬੂਥ 'ਤੇ ਬੈਠੇ ਬਲਜੀਤ ਚੰਦ ਸ਼ਰਮਾ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਲਜੀਤ ਨੂੰ ਆਦਮਪੁਰ ਦੇ ਬੂਥ ਨੰਬਰ 85 'ਤੇ ਪੋਲਿੰਗ ਏਜੰਟ ਬਣਾਇਆ ਗਿਆ ਹੈ, ਜਦਕਿ ਬਲਜੀਤ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹੈ।ਇਸੇ ਤਰ੍ਹਾਂ ਆਸ਼ੀਸ਼ ਨਈਅਰ ਪਟਿਆਲਾ ਤੋਂ ਹੈ ਪਰ ਉਸ ਨੂੰ ਜਲੰਧਰ ਸੈਂਟਰਲ ਦੇ ਬੂਥ ਨੰਬਰ 83 ਵਿਚ ਪੋਲਿੰਗ ਏਜੰਟ ਬਣਾਇਆ ਗਿਆ ਹੈ। ਬਠਿੰਡਾ ਦੇ ਰਾਮਪੁਰਾ ਫੂਲ ਦੇ ਸ਼ੇਰ ਬਹਾਦਰ ਸਿੰਘ ਨੂੰ ਫਿਲੌਰ ਦੇ ਬੂਥ ਨੰਬਰ 150 ਦਾ ਇੰਚਾਰਜ ਬਣਾਇਆ ਗਿਆ ਹੈ।

ਪ੍ਰਗਟ ਸਿੰਘ ਨੇ ਕਿਹਾ ਕਿ ਚੋਣਾਂ ਵਿਚ ਅਜਿਹੀ ਗੁੰਡਾਗਰਦੀ ਕਦੇ ਨਹੀਂ ਹੋਈ। ਉਨ੍ਹਾਂ ਨੂੰ ਜਲੰਧਰ ਵਿਚ ਪੋਲਿੰਗ ਬੂਥ ਇੰਚਾਰਜ ਵੀ ਨਹੀਂ ਮਿਲਿਆ। ਬਠਿੰਡਾ ਦੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਫਿਲੌਰ ਵਿਚ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਪਣੇ ਆਪ ਨੂੰ ਪੱਕੇ ਇਮਾਨਦਾਰ ਕਹਿਣ ਵਾਲਿਆਂ ਦੀ ਇਹ ਹਾਲਤ ਹੈ।

ਇਹ ਵੀ ਪੜ੍ਹੋ: ਸ਼ਾਹਕੋਟ 'ਚ 'ਆਪ' ਤੇ ਕਾਂਗਰਸ ਵਿਧਾਇਕ ਭਿੜੇ, ਪੁਲਿਸ ਨੇ ਹਿਰਾਸਤ 'ਚ ਲਿਆ  

ਆਦਮਪੁਰ ਤੋਂ ਸਾਬਕਾ ਅਕਾਲੀ ਵਿਧਾਇਕ ਪਵਨ ਟੀਨੂ ਨੇ ਇਲਜ਼ਾਮ ਲਗਾਇਆ ਕਿ ਇਥੇ ਪੋਲਿੰਗ ਬੂਥ ’ਤੇ ਅਟਾਰੀ ਤੋਂ ਆਮ ਆਮਦੀ ਪਾਰਟੀ ਦੇ ਵਰਕਰ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹਨਾਂ ਵਿਚ ਕੋਈ ਵੀ ਸਥਾਨਕ ਨਹੀਂ ਹੈ। ਚੋਣ ਕਮਿਸ਼ਨ ਦੇ ਹੀ ਨਿਯਮ ਹਨ ਕਿ ਕੋਈ ਬਾਹਰੀ ਵਿਅਕਤੀ ਨਹੀਂ ਆ ਸਕਦਾ।