ਫ਼ਤਿਹਵੀਰ ਨੂੰ ਬਾਹਰ ਕੱਢਣ 'ਚ ਹੋ ਰਹੀ ਦੇਰੀ ਕਾਰਨ ਭੜਕੇ ਲੋਕ
ਸੰਗਰੂਰ-ਮਾਨਸਾ ਹਾਈਵੇਅ ਕੀਤਾ ਜਾਮ ; ਖੁਦਾਈ ਵਾਲੀ ਥਾਂ 'ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਹਰੇਬਾਜ਼ੀ
ਸੰਗਰੂਰ : ਸੁਨਾਮ-ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਚ ਵੀਰਵਾਰ ਸ਼ਾਮ 4 ਵਜੇ 120 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ ਫ਼ਤਿਹਵੀਰ ਸਿੰਘ (2) ਨੂੰ ਬਚਾਉਣ ਲਈ ਪਿਛਲੇ 92 ਘੰਟਿਆਂ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੰਨਾ ਜ਼ਿਆਦਾ ਸਮਾਂ ਬੀਤਣ ਮਗਰੋਂ ਵੀ ਫ਼ਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਨਾਲ ਕੱਢੇ ਜਾਣ ਕਾਰਨ ਲੋਕਾਂ 'ਚ ਗੁੱਸਾ ਵੱਧਦਾ ਜਾ ਰਿਹਾ ਹੈ। ਪਹਿਲਾਂ ਬੱਚੇ ਨੂੰ ਬਾਹਰ ਕੱਢਣ ਦਾ ਕੰਮ ਆਮ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ ਪਰ ਹੁਣ ਐਨਡੀਆਰਐਫ ਨੇ ਮੋਰਚਾ ਸੰਭਾਲ ਲਿਆ ਹੈ।
ਉਧਰ ਫ਼ਤਿਹਵੀਰ ਨੂੰ ਬੋਰਵੈੱਲ 'ਚੋਂ ਨਾ ਕੱਢੇ ਜਾਣ ਦੇ ਵਿਰੋਧ ਵਿਚ ਲੋਕਾਂ ਨੇ ਸੰਗਰੂਰ-ਮਾਨਸਾ ਹਾਈਵੇਅ ਜਾਮ ਕਰ ਦਿਤਾ। ਲੋਕਾਂ ਵਲੋਂ ਪ੍ਰਸ਼ਾਸਨ ਵਿਰੁੱਧ ਨਾਹਰੇਬਾਜ਼ੀ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਫ਼ਤਿਹਵੀਰ ਨੂੰ ਬੋਰਵੈੱਡ ਵਿਚ ਡਿੱਗੇ ਹੋਏ 5 ਦਿਨ ਹੋ ਗਏ ਹਨ ਪਰ ਐਨ.ਡੀ.ਆਰ.ਐਫ. ਦੀ ਹਰ ਕੋਸ਼ਿਸ਼ ਨਾਕਾਮ ਸਾਬਤ ਹੋਈ ਹੈ।
ਇਥੋਂ ਤਕ ਰੈਸਕਿਊ ਆਪਰੇਸ਼ਨ ਵਿਚ ਲੱਗੀਆਂ ਟੀਮਾਂ ਅਜੇ ਤਕ ਫ਼ਤਿਹ ਦੀ ਲੋਕੇਸ਼ਨ ਦਾ ਪਤਾ ਵੀ ਨਹੀਂ ਲਗਾ ਸਕੀਆਂ ਹਨ। ਲੋਕਾਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਫ਼ਤਿਹਵੀਰ ਨੂੰ ਬੋਰਵੈੱਲ 'ਚੋਂ ਕੱਢਣ ਦੀ ਜ਼ਿੰਮੇਵਾਰੀ ਫੌਜ ਨੂੰ ਦਿੱਤੀ ਜਾਣੀ ਚਾਹੀਦੀ ਹੈ। ਜੇ ਪਹਿਲਾਂ ਹੀ ਇਹ ਆਪਰੇਸ਼ਨ ਫ਼ੌਜ ਦੇ ਸਪੁਰਦ ਕਰ ਦਿੱਤਾ ਜਾਂਦਾ ਤਾਂ ਅੱਜ ਫ਼ਤਿਹਵੀਰ ਆਪਣੇ ਪਰਿਵਾਰ ਦੇ ਵਿਚ ਹੋਣਾ ਸੀ।
ਉਧਰ ਬਾਅਦ ਦੁਪਹਿਰ ਤਕ ਵੀ ਜਦੋਂ ਫ਼ਤਿਹਵੀਰ ਦੀ ਅਸਲ ਲੋਕੇਸ਼ਨ ਬਾਰੇ ਕੋਈ ਪਤਾ ਨਾ ਲੱਗਾ ਤਾਂ ਪਿੰਡ ਭਗਵਾਨਪੁਰ 'ਚ ਖੁਦਾਈ ਵਾਲੀ ਥਾਂ 'ਤੇ ਇਕੱਤਰ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਲੋਕਾਂ ਨੂੰ ਸ਼ਾਂਤ ਕਰਨ ਵਿੱਚ ਲੱਗੀ ਹੋਈ ਸੀ, ਪਰ ਵਧਦੇ ਰੋਸ ਕਾਰਨ ਪੁਲਿਸ ਨੇ ਬੱਚੇ ਦੇ ਦਾਦੇ ਤੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਵਾਈ।
ਪੁਲਿਸ ਨੇ ਲੋਕਾਂ ਨੂੰ ਕਾਬੂ ਰੱਖਣ ਲਈ ਬੈਰੀਕੇਡ ਵੀ ਲਾਏ ਹੋਏ ਹਨ ਅਤੇ ਦਾਦੇ ਦੇ ਅਪੀਲ ਕਰਨ ਮਗਰੋਂ ਮਾਹੌਲ ਕੁਝ ਸ਼ਾਂਤ ਸੀ ਪਰ ਹੁਣ ਦੋਬਾਰਾ ਲੋਕਾਂ ਦਾ ਗੁੱਸਾ ਫੁੱਟ ਪਿਆ। ਸੋਸ਼ਲ ਮੀਡੀਆ 'ਤੇ ਵੀ ਲੋਕ ਆਪਣੇ ਕੁਮੈਂਟਾਂ ਨਾਲ ਪੰਜਾਬ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ।
ਜ਼ਿਕਰਯੋਗ ਹੈ ਕਿ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ 'ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫ਼ਤਿਹਵੀਰ ਤਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ। ਕਈ ਜੇ.ਸੀ.ਬੀ. ਮਸ਼ੀਨਾਂ, ਕਈ ਦਰਜਨ ਟਰੈਕਟਰ ਮੌਕੇ 'ਤੇ ਦਿਨ-ਰਾਤ ਕੰਮ ਕਰ ਰਹੇ ਹਨ। ਹਾਲਾਂਕਿ ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਵੇਖਿਆ ਜਾ ਰਿਹਾ ਹੈ।
ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। ਫ਼ਤਿਹਵੀਰ ਦੇ ਨਿਕਲਦੇ ਹੀ ਉਸ ਦੇ ਇਲਾਜ ਲਈ ਸੰਗਰੂਰ, ਪਟਿਆਲਾ ਅਤੇ ਚੰਡੀਗੜ੍ਹ 'ਚ ਇਲਾਜ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਫ਼ਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ ਅੱਜ 10 ਜੂਨ ਨੂੰ ਉਸ ਦਾ ਜਨਮਦਿਨ ਵੀ ਹੈ।