ਫ਼ਤਿਹਵੀਰ ਦੀ ਸਲਾਮਤੀ ਲਈ ਮਾਂ ਨੇ ਦੂਜੇ ਬੋਰ ‘ਤੇ ਟੇਕਿਆ ਮੱਥਾ, ਪੁੱਤ ਦੀ ਇਕ ਝਲਕ ਲਈ ਬੇਸਬਰ
ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ ਫਸੇ 3 ਸਾਲਾਂ ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ...
ਸੰਗਰੂਰ: ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ ਫਸੇ 3 ਸਾਲਾਂ ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। 120 ਫੁੱਟ ਦੀ ਡੂੰਘਾਈ ਬੋਰਵੈੱਲ ਵਿਚ 90 ਘੰਟਿਆਂ ਤੋਂ ਫਸੇ ਬੱਚੇ ਨੂੰ ਕਢਵਾਉਣ ਲਈ ਡੇਰਾ ਸੱਚਾ ਸੌਦਾ ਦੇ ਮੈਂਬਰ, ਐਨਡੀਆਰਐਫ਼ ਅਤੇ ਫ਼ੌਜ ਦੀ ਟੀਮ ਜੁਟੀ ਹੋਈ ਹੈ। ਅੱਜ ਫ਼ਤਿਹ ਦਾ ਜਨਮ ਦਿਨ ਹੈ, ਜਿਸਦੀ ਇਕ ਝਲਕ ਪਾਉਣ ਦੇ ਲਈ ਉਸਦੀ ਮਾਂ ਦੀਆਂ ਅੱਖਾਂ ਤਰਸ ਰਹੀਆਂ ਹਨ।
ਸੋਮਵਾਰ ਸਵੇਰੇ ਫ਼ਤਿਹ ਦੇ ਜਨਮ ਦਿਨ ‘ਤੇ ਉਸਦੀ ਮਾਂ ਨੇ ਪਿੰਡ ਦੇ ਹੀ ਇਕ ਹੋਰ ਬੋਰਵੈਲ ‘ਤੇ ਮੱਥਾ ਟੇਕ ਕੇ ਅਪਣੇ ਇਕਲੌਤੇ ਪੁੱਤਰ ਦੀ ਸਲਾਮਤੀ ਦੇ ਲਈ ਅਰਦਾਸ ਕੀਤੀ ਹੈ। 90 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਬੋਰਵੈਲ ਵਿਚ ਗਿਰੇ ਹੋਏ ਫ਼ਤਿਹ ਭੁੱਖ-ਪਿਆਸਾ ਮੌਤ ਨਾਲ ਜੰਗ ਲੜ ਰਿਹਾ ਹੈ। ਪ੍ਰਸਾਸ਼ਨ ਅਤੇ ਐਨਡੀਆਰਐਫ਼ ਤੋਂ ਇਲਾਵਾ ਹੋਰ ਸਮਾਜ ਸੇਵੀਂ ਸੰਸਥਾਵਾਂ ਵੱਲੋਂ ਰੈਸਕਿਉ ਅਪਰੇਸ਼ਨ ਜਾਰੀ ਹੈ ਜਿਸ ਵਿਚ ਡੇਰਾ ਪ੍ਰੇਮੀਆਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਕੈਮਰੇ ਨਾਲ ਫ਼ਤਹਿਵੀਰ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਉਧਰ ਪ੍ਰਸਾਸ਼ਨ ਵੱਲੋਂ ਘਟਨਾ ਸਥਾਨ ‘ਤਾ ਪੂਰੇ ਇੰਤਜ਼ਾਮ ਕੀਤੇ ਗਏ ਹਨ।
ਫਤਿਹਵੀਰ ਸਿੰਘ ਦੇ ਇੰਤਜ਼ਾਰ ਵਿਚ ਪਿਛਲੇ ਕਈ ਘੰਟਿਆਂ ਤੋਂ ਡਾਕਟਰਾਂ ਦੀ ਟੀਮ ਤਿਆਰ ਖੜ੍ਹੀ ਹੈ। ਇਸ ਤੋਂ ਇਲਾਵਾ ਸੰਗਰੂਰ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਮੀਦ ਹੈ ਕਿ ਪਰਵਾਰ ਦਾ ਇਕਲੌਤਾ ਚਿਰਾਗ ਫਤਿਹਵੀਰ ਸਿੰਘ ਜਲਦ ਹੀ ਮੌਤ ਦੀ ਜੰਗ ‘ਤੇ ਫਤਿਹ ਹਾਸਲ ਕਰਕੇ ਬਾਹਰ ਆਵੇਗਾ ਅਤੇ ਅਪਣੇ ਮਾਤਾ ਪਿਤਾ ਦੇ ਨਾਲ ਅਪਣਾ ਜਨਮ-ਦਿਨ ਮਨਾਏਗਾ।