ਥਾਣਾ ਲੱਖੋ ਕੇ ਬਹਿਰਾਮ ਦਾ ਹੈੱਡ ਕਾਂਸਟੇਬਲ ਨਸ਼ਿਆਂ ਦੇ ਮਾਮਲੇ ’ਚ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਵਾਸੀਆਂ ਵਲੋਂ ਹੈੱਡ ਕਾਂਸਟੇਬਲ ’ਤੇ ਨਸ਼ੇ ਦੇ ਸੌਦਾਗਰਾਂ ਨਾਲ ਮਿਲੇ ਹੋਣ ਦੇ ਦੋਸ਼

Police Station Lakho ke Behram's head constable suspend

ਗੁਰੂਹਰਸਹਾਏ: ਥਾਣਾ ਲੱਖੋ ਕੇ ਬਹਿਰਾਮ ਵਿਖੇ ਤੈਨਾਤ ਇਕ ਹੈੱਡ ਕਾਂਸਟੇਬਲ ਨੂੰ ਸਸਪੈਂਡ ਕੀਤੇ ਜਾਣ ਦੀ ਖ਼ਬਰ ਹੈ। ਦਰਅਸਲ, ਬੀਤੇ ਦਿਨ ਪਿੰਡ ਲੱਖੋ ਕੇ ਬਹਿਰਾਮ ਵਿਖੇ ਨਸ਼ਿਆਂ ਵਿਰੁਧ ਪੰਜਾਬ ਪੁਲਿਸ ਵਲੋਂ ਸੈਮੀਨਾਰ ਕਰਵਾਇਆ ਗਿਆ ਸੀ। ਇਸ ਮੌਕੇ ਐਸ.ਟੀ.ਐਫ਼. ਦੇ ਆਈ.ਜੀ. ਅਤੇ ਫਿਰੋਜ਼ਪੁਰ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ। ਸੈਮੀਨਾਰ ਦੌਰਾਨ ਪਿੰਡ ਦੇ ਹੀ ਲੋਕਾਂ ਵਲੋਂ ਥਾਣਾ ਗੁਰੂਹਰਸਹਾਏ ਦੇ ਹੈੱਡ ਕਾਂਸਟੇਬਲ ਰਤਨ ਸਿੰਘ ’ਤੇ ਨਸ਼ੇ ਦੇ ਸੌਦਾਗਰਾਂ ਨਾਲ ਮਿਲੇ ਹੋਣ ਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਦੀ ਮਦਦ ਕਰਨ ਦੇ ਇਲਜ਼ਾਮ ਲਗਾਏ ਗਏ, ਜਿਸ ਮਗਰੋਂ ਉਕਤ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰ ਦਿਤਾ ਗਿਆ।  

ਇਸ ਸਬੰਧੀ ਡੀ.ਐਸ.ਪੀ. ਗੁਰੂਹਰਸਹਾਏ ਗੁਰਜੀਤ ਸਿੰਘ ਤੇ ਐਸ.ਐਚ.ਓ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਮੀਨਾਰ ’ਚ ਗੁਰੂਹਰਸਹਾਏ ਨਿਵਾਸੀ ਸੁਰਿੰਦਰ ਕੁਮਾਰ ਤੇ ਪਿੰਡ ਦੇ ਹੋਰਨਾਂ ਲੋਕਾਂ ਨੇ ਦੋਸ਼ ਲਾਉਂਦਿਆਂ ਦੱਸਿਆ ਹੈ ਕਿ ਹੈੱਡ ਕਾਂਸਟੇਬਲ ਰਤਨ ਸਿੰਘ ਨਸ਼ੇ ਦੇ ਸੌਦਾਗਰਾਂ ਨਾਲ ਮਿਲਿਆ ਹੋਇਆ ਹੈ ਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਦੀ ਮਦਦ ਕਰਦਾ ਹੈ। ਸ਼ਹਿਰ ਵਿਚ ਸ਼ਰੇਆਮ ਨਸ਼ਾ ਵਿਕਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਮੀਨਾਰ ਉਪਰੰਤ ਹੈੱਡ ਕਾਂਸਟੇਬਲ ਰਤਨ ਸਿੰਘ ਨੂੰ ਪੁਲਿਸ ਲਾਈਨ ਹਾਜ਼ਰ ਕਰ ਦਿਤਾ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ, ਸੈਮੀਨਾਰ ਦੌਰਾਨ ਸੁਰਿੰਦਰ ਸਿੰਘ ਤੇ ਹੋਰ ਲੋਕਾਂ ਨੇ ਰਤਨ ਸਿੰਘ ’ਤੇ ਦੋਸ਼ ਲਾਉਂਦਿਆਂ ਦੱਸਿਆ ਸੀ ਕਿ ਉਸ ਦਾ ਖ਼ੁਦ ਦਾ ਲੜਕਾ ਵੀ ਨਸ਼ਿਆ ਦੇ ਜਾਲ ਵਿਚ ਫਸਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਲੋਕਲ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ ਤੇ ਨਾ ਹੀ ਨਸ਼ੇ ਦੇ ਸੌਦਾਗਰਾਂ ਵਿਰੁਧ ਕਦੇ ਕੋਈ ਕਾਰਵਾਈ ਹੋਈ।