ਪੰਜਾਬੀਆਂ ਨੂੰ ਗਰਮੀ ਤੋਂ ਜ਼ਲਦ ਮਿਲ ਸਕਦੀ ਹੈ ਰਾਹਤ

ਏਜੰਸੀ

ਖ਼ਬਰਾਂ, ਪੰਜਾਬ

ਜਿਲ੍ਹੇ ਵਿਚ ਜਿੱਥੇ ਗਰਮੀ ਦਾ ਕਹਿਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ, ਤੇਜ ਧੁੱਪ ਪਸੀਨੇ ਛੁਡਾ ਰਹੀ ਹੈ।

weather update india imd on 10 june

ਚੰਡੀਗੜ੍ਹ: ਜਿਲ੍ਹੇ ਵਿਚ ਜਿੱਥੇ ਗਰਮੀ ਦਾ ਕਹਿਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ, ਤੇਜ ਧੁੱਪ ਪਸੀਨੇ ਛੁਡਾ ਰਹੀ ਹੈ। ਜਿਲ੍ਹੇ ਵਿਚ ਗਰਮੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਕੋਹਰਾਮ ਮਚਾਇਆ ਹੋਇਆ ਹੈ। ਉੱਥੇ ਹੀ ਹੁਣ ਰਾਹਤ ਦੀ ਖ਼ਬਰ ਆਈ ਹੈ।ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅਗਲੇ ਦੋ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਇਲਾਕਿਆਂ ਵਿੱਚ ਬਾਰਸ਼ ਹੋ ਸਕਦੀ ਹੈ।

ਇਸ ਨਾਲ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਪੀਲੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਮੈਦਾਨੀ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਉੱਤਰੀ ਭਾਰਤ ਵਿੱਚ ਅੱਜ ਵੀ ਗਰਮੀ ਦਾ ਕਹਿਰ ਜਾਰੀ ਹੈ। ਕਈ ਇਲਾਕਿਆਂ ਵਿੱਚ ਪਾਰਾ 46 ਤੋਂ 47 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਅੰਮ੍ਰਿਤਸਰ ਤੇ ਲੁਧਿਆਣਾ ’ਚ ਤਾਪਮਾਨ 44-44 ਜਦਕਿ ਪਟਿਆਲਾ ’ਚ 44.4 ਡਿਗਰੀ ਸੈਲਸੀਅਸ ਦਰਜ ਹੋਇਆ। ਚੰਡੀਗੜ੍ਹ ’ਚ 42.7 ਡਿਗਰੀ ਸੈਲਸੀਅਸ ਨਾਲ ਮੌਸਮ ਗਰਮ ਰਿਹਾ।

ਇਸੇ ਤਰ੍ਹਾਂ ਹਰਿਆਣਾ ਦਾ ਨਾਰਨੌਲ 47 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਗਰਮ ਰਿਹਾ ਜਦਕਿ ਭਿਵਾਨੀ ਤੇ ਹਿਸਾਰ ’ਚ ਕ੍ਰਮਵਾਰ 45.9 ਤੇ 45.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤਕ ਲੋਕਾਂ ਨੂੰ ਲੂ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ। ਬੁੱਧਵਾਰ ਨੂੰ ਬਾਰਸ਼ ਹੋਣ ਦੀ ਸੰਭਾਵਨਾ ਹੈ। ਉਂਝ ਪੰਜਾਬ ਵਿੱਚ ਮੌਨਸੂਨ ਜੁਲਾਈ ਦੇ ਪਹਿਲੇ ਹਫਤੇ ਪਹੁੰਚਣ ਦੀ ਉਮੀਦ ਹੈ।