ਕੈਪਟਨ ਸਾਹਿਬ! ਪਵਿੱਤਰ ਗੁਟਕਾ ਫੜ ਕੇ ਖਾਧੀ ਸਹੁੰ ਪੂਰੀ ਕਰੋ : ਸੁਖਬੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਨਸ਼ਿਆਂ ਵਿਰੁਧ ਲੜਾਈ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਸਹਿਯੋਗ ਨੂੰ ਠੁਕਰਾ ਕੇ ਮੁੱਖ ਮੰਤਰੀ ਕੈਪਟਨ.........

Sukhbir Singh Badal

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਨਸ਼ਿਆਂ ਵਿਰੁਧ ਲੜਾਈ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਸਹਿਯੋਗ ਨੂੰ ਠੁਕਰਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹੇ ਹੰਕਾਰੀ ਰਾਜੇ ਵਾਂਗ ਵਿਹਾਰ ਕਰ ਰਿਹਾ ਹੈ ਜੋ ਕੋਈ ਗ਼ਲਤੀ ਕਰ ਹੀ ਨਾ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਮੁੱਖ ਮੰਤਰੀ ਦੀ ਨਸ਼ਿਆਂ ਵਿਰੁਧ ਕਾਰਵਾਈ ਕਰਨ ਵਿਚ ਨਾਕਾਮੀ ਪੰਜਾਬ ਨੂੰ ਡੂੰਘੀ ਖੱਡ ਵਲ ਧੱਕ ਰਹੀ ਹੈ। ਪ੍ਰੈੱਸ ਬਿਆਨ ਰਾਹੀਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਠੋਸ ਕਾਰਵਾਈ ਕਰਨ ਦੀ ਥਾਂ ਲੋਕਾਂ ਦਾ

ਇਸ ਮਸਲੇ ਤੋਂ ਧਿਆਨ ਲਾਂਭੇ ਕਰਨ ਲਈ ਡੋਪ ਟੈਸਟਾਂ ਵਰਗੀ ਸਟੰਟਬਾਜ਼ੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ, ''ਤੁਸੀਂ ਖ਼ੁਦ ਵੀ ਅਪਣਾ ਡੋਪ ਟੈਸਟ ਕਰਵਾਉਣ ਦੀ ਪੇਸ਼ਕਸ਼ ਕਰ ਦਿਤੀ ਹੈ, ਬਿਨਾਂ ਇਹ ਸਮਝੇ ਕਿ ਦੁਨੀਆਂ ਭਰ ਦੇ ਪੰਜਾਬੀਆਂ ਲਈ ਇਹ ਸੁਨੇਹਾ ਜਾਵੇਗਾ ਕਿ ਤੁਸੀਂ ਵੀ ਇਕ ਸ਼ੱਕੀ ਹੋ। ਤੁਸੀਂ ਅਜਿਹੀ ਸਟੰਟਬਾਜ਼ੀ ਵਿਚ ਸਾਡੀਆਂ ਭੈਣਾਂ ਅਤੇ ਮਾਵਾਂ ਨੂੰ ਵੀ ਘਸੀਟ ਲਿਆ ਹੈ, ਬਿਨਾਂ ਇਹ ਜਾਣੇ ਕਿ ਅਜਿਹੀ ਕਾਰਵਾਈ ਨਾਲ ਅਸਲੀ ਮੁਜਰਮ ਬਚ ਕੇ ਨਿਕਲ ਜਾਣਗੇ।

'' ਸੁਖਬੀਰ ਸਿੰਘ ਨੇ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਨ੍ਹਾਂ ਹੱਥ ਵਿਚ ਪਵਿੱਤਰ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ ਸੱਤਾ ਸੰਭਾਲਣ ਮਗਰੋਂ ਚਾਰ ਹਫ਼ਤਿਆਂ ਅੰਦਰ ਪੰਜਾਬ ਨੂੰ ਨਸ਼ਾ-ਮੁਕਤ ਕਰ ਦਿਆਂਗਾ ਪਰ ਅਜਿਹਾ ਨਹੀਂ ਹੋਇਆ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, 'ਇਹ ਗੱਲ ਬਿਲਕੁਲ ਸਾਫ਼ ਹੈ ਕਿ ਤੁਸੀਂ ਅਪਣਾ ਵਾਅਦਾ ਪੂਰਾ ਕਰਨ ਵਿਚ ਨਾਕਾਮ ਹੋ ਗਏ ਹੋ। ਹੁਣ ਜਦੋਂ ਅਕਾਲੀ ਦਲ ਨੇ ਇਸ ਕੰਮ ਵਿਚ ਤੁਹਾਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ ਤਾਂ ਤੁਸੀਂ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਥਾਂ ਅਪਣੀ ਆਕੜ ਵਿਖਾ ਰਹੇ ਹੋ।'