ਸਵਾਰੀਆਂ ਦੀ ਜਾਨ ਖ਼ਤਰੇ ਪਾ ਡਰਾਈਵਰ ਕਰ ਰਿਹਾ ਸੀ ਟਿਕ-ਟੌਕ ਦਾ ਸ਼ੌਂਕ ਪੂਰਾ, ਮਿਲੀ ਇਹ ਸਜ਼ਾ
ਡਰਾਈਵਰ ਵਲੋਂ ਵੀਡੀਓ ਜਲੰਧਰ ਤੋਂ ਦਿੱਲੀ ਤੱਕ ਦੇ ਸਫ਼ਰ ਦੌਰਾਨ ਬਣਾਈ ਗਈ
ਜਲੰਧਰ: ਪੰਜਾਬ ਰੋਡਵੇਜ਼ ਦੇ ਡਰਾਈਵਰ ਵਲੋਂ ਡਰਾਈਵਿੰਗ ਦੌਰਾਨ ਸਵਾਰੀਆਂ ਦੀ ਜਾਨ ਖਤਰੇ ਵਿਚ ਪਾ ਕੇ ਟਿਕ-ਟੌਕ ’ਤੇ ਸ਼ਰੇਆਮ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਡਰਾਈਵਰ ਦੀ ਇਸ ਹਰਕਤ ਤੋਂ ਬਾਅਦ ਪੰਜਾਬ ਰੋਡਵੇਜ਼ ਵਲੋਂ ਉਸ ਨੂੰ ਸਸਪੈਂਡ ਕਰ ਦਿਤਾ ਗਿਆ ਹੈ ਤੇ ਬਲੈਕ ਲਿਸਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਜ਼ਿਕਰਯੋਗ ਹੈ ਕਿ ਡਰਾਈਵਰ ਨੇ ਬੱਸ ਚਲਾਉਂਦਿਆਂ ਟਿਕ-ਟੌਕ ’ਤੇ ਵੀਡੀਓ ਬਣਾਈ ਸੀ ਜੋ ਵੇਖਦੇ ਹੀ ਵੇਖਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਬੱਸ ਸਵਾਰੀਆਂ ਦੀ ਜਾਨ ਖਤਰੇ ਵਿਚ ਪਾਉਣ ਵਾਲੇ ਇਸ ਡਰਾਈਵਰ ਨੂੰ ਸਸਪੈਂਡ ਕਰ ਦਿਤਾ ਗਿਆ। ਟਿਕ-ਟੌਕ ਵਾਲੇ ਇਸ ਡਰਾਈਵਰ ਦਾ ਨਾਂ ਅਮਨਜੋਤ ਸਿੰਘ ਹੈ ਤੇ ਵੀਡੀਓ 1 ਜੁਲਾਈ ਦੀ ਰਾਤ ਦੀ ਹੈ। ਅਮਨਜੋਤ ਨੇ ਇਹ ਵੀਡੀਓ ਜਲੰਧਰ ਤੋਂ ਦਿੱਲੀ ਤੱਕ ਦੇ ਸਫ਼ਰ ਦੌਰਾਨ ਬਣਾਈ ਸੀ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡਰਾਈਵਰ ਨੂੰ ਸਸਪੈਂਡ ਕਰਕੇ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਕਦੇ ਕੋਈ ਬੱਸ ਚਲਾ ਹੀ ਨਾ ਸਕੇ। ਇਸ ਮਾਮਲੇ ਸਬੰਧੀ ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਦਾ ਕਹਿਣਾ ਹੈ ਕਿ ਡਰਾਈਵਰ ਦੇ ਇਸ ਕਾਰੇ ਲਈ ਉਹ ਸ਼ਰਮਿੰਦਾ ਹਨ। ਆਉਣ ਵਾਲੇ ਦਿਨਾਂ ਵਿਚ ਰੋਡਵੇਜ਼ ਡਰਾਈਵਰਾਂ ਦੇ ਡੋਪ ਟੈਸਟ ਵੀ ਕਰਵਾਏ ਜਾਣਗੇ ਤਾਂ ਜੋ ਨਸ਼ੇ ਕਰਨ ਵਾਲਿਆਂ ਦੀ ਪਛਾਣ ਹੋ ਸਕੇ।