ਵਿਧਾਇਕ ਨੇ ਇੰਜੀਨੀਅਰ ‘ਤੇ ਸੁੱਟਿਆ ਚਿੱਕੜ, ਵੀਡੀਓ ਵਾਇਰਲ
ਮਹਾਰਾਸ਼ਟਰ ਵਿਚ ਇਕ ਵਿਧਾਇਕ ਵੱਲੋਂ ਇੰਜੀਨੀਅਰ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ : ਮਹਾਰਾਸ਼ਟਰ ਵਿਚ ਇਕ ਵਿਧਾਇਕ ਵੱਲੋਂ ਇੰਜੀਨੀਅਰ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਗੋਆ ਹਾਈਵੇਅ ਦੇ ਕੋਲ ਇਕ ਪੁਲ ‘ਤੇ ਕਾਂਗਰਸ ਵਿਧਾਇਕ ਨਿਤਿਸ਼ ਨਾਰਾਇਣ ਰਾਣੇ ਅਤੇ ਉਹਨਾਂ ਦੇ ਸਮਰਥਕਾਂ ਨੇ ਇੰਜੀਨੀਅਰ ਪ੍ਰਕਾਸ਼ ਸ਼ੈਡੇਕਰ ‘ਤੇ ਚਿੱਕੜ ਸੁੱਟਿਆ ਹੈ। ਉਸ ਤੋਂ ਬਾਅਦ ਉਹਨਾਂ ਨੇ ਇੰਜੀਨੀਅਰ ਨੂੰ ਨਦੀ ਦੇ ਪੁਲ ‘ਤੇ ਬੰਨ ਦਿੱਤਾ। ਖ਼ਬਰ ਏਜੰਸੀ ਨੇ ਇਸ ਦਾ ਵੀਡੀਓ ਜਾਰੀ ਕੀਤਾ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਅਪਣੇ ਸਮਰਥਕਾਂ ਨਾਲ ਪੁਲ ‘ਤੇ ਖੜ੍ਹੇ ਹਨ ਅਤੇ ਇੰਜੀਨੀਅਰ ਵੀ ਉਹਨਾਂ ਦੇ ਨਾਲ ਖੜ੍ਹਾ ਹੈ। ਉਸੇ ਸਮੇਂ ਇਕ ਨੌਜਵਾਨ ਉਹਨਾਂ ਨੂੰ ਧੱਕਾ ਦਿੰਦਾ ਹੈ ਅਤੇ ਬਾਕੀ ਤਿੰਨ-ਚਾਰ ਲੋਕ ਉਹਨਾਂ ‘ਤੇ ਚਿੱਕੜ ਨਾਲ ਭਰੀ ਬਾਲਟੀ ਉਲਟਾ ਦਿੰਦੇ ਹਨ। ਉਸ ਤੋਂ ਬਾਅਦ ਇੰਜੀਨੀਅਰ ਨੂੰ ਪੁਲ ‘ਤੇ ਲੱਗੇ ਸਰੀਏ ਨਾਲ ਬੰਨ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਹਾਲ ਹੀ ਵਿਚ ਮੱਧ ਪ੍ਰਦੇਸ਼ ਦੇ ਇੰਦੋਰ ਵਿਚ ਭਾਜਪਾ ਵਿਧਾਇਕ ਵੱਲੋਂ ਨਗਰ ਨਿਗਮ ਦੇ ਇਕ ਅਫ਼ਸਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
ਭਾਜਪਾ ਦੇ ਸੀਨੀਅਰ ਆਗੂ ਕੈਲਾਸ਼ ਵਿਜੈਵਰਗੀ ਦੇ ਲੜਕੇ ਅਤੇ ਵਿਧਾਇਕ ਆਕਾਸ਼ ਵਿਜੈਵਰਗੀ ਨੇ 26 ਜੂਨ ਨੂੰ ਇੰਦੋਰ ਵਿਚ ਨਗਰ ਨਿਗਰ ਦੇ ਇਕ ਭਵਨ ਨਿਰੀਖਕ ਨੂੰ ਬੈਟ ਨਾਲ ਕੁੱਟਿਆ ਸੀ। ਜਿਸ ਤੋਂ ਬਾਅਦ ਇੰਦੋਰ ਦੀ ਇਕ ਕੋਰਟ ਨੇ ਉਹਨਾਂ ਨੂੰ 11 ਜੁਲਾਈ ਤੱਕ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਸੀ। ਇਸ ਤੋਂ ਬਾਅਦ ਭੋਪਾਲ ਦੀ ਇਕ ਵਿਸ਼ੇਸ਼ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ।