ਪਿੰਡ ਛੱਤ ਦੇ ਖੇਤਾਂ 'ਚ ਸੁੱਤੇ ਦੋ ਮਜ਼ਦੂਰਾਂ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਅਣਪਛਾਤੇ ਹਮਲਾਵਰਾਂ ਵਿਰੁਧ ਮਾਮਲਾ ਦਰਜ

Murder

ਜ਼ੀਰਕਪੁਰ (ਗੁਰਪਾਲ ਸਿੰਘ) : ਪਿੰਡ ਛੱਤ ਵਿਚ ਸੋਮਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਖੇਤਾਂ ਵਿਚ ਸੁੱਤੇ ਦੋ ਖੇਤ ਮਜ਼ਦੂਰਾਂ ਦੇ ਸਿਰ ਵਿਚ ਲਾਠੀਆਂ, ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰ ਕੇ ਮੌਤ ਦੀ ਨੀਂਦ ਸੁਲਾ ਦਿਤਾ। ਜਾਣਕਾਰੀ ਅਨੁਸਾਰ ਅਜੇ ਕੁਮਾਰ (30) ਪੁੱਤਰ ਤਿਲਕ ਰਾਜ ਵਾਸੀ ਪਿੰਡ ਅਰਗਾਵਪੁਰ ਜ਼ਿਲ੍ਹਾ ਮੁਜ਼ੱਫ਼ਰਪੁਰ ਬਿਹਾਰ ਜੋ ਪਿੰਡ ਛੱਤ 'ਚ ਰਾਜਿੰਦਰ ਸਿੰਘ ਦੇ ਖੇਤਾਂ ਵਿਚ ਡੇਅਰੀ ਫ਼ਾਰਮ 'ਤੇ ਕੰਮ ਅਤੇ ਪਸ਼ੂਆਂ ਦੀ ਦੇਖਭਾਲ ਕਰਦਾ ਸੀ, ਦੂਜਾ ਫ਼ਜਲੂਦੀਨ ਪੁੱਤਰ ਕਰੀਮੁਦੀਨ (55) ਵਾਸੀ ਪਿੰਡ ਛੱਤ ਜੋ ਨੇੜਲੇ ਸਿੰਗਲਾ ਫ਼ਾਰਮ 'ਤੇ ਚੌਕੀਦਾਰ ਸੀ,

ਦੇ ਸਿਰ 'ਤੇ ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਹਤਿਆ ਕਰ ਦਿਤੀ। ਮੰਗਲਵਾਰ ਦੀ ਸਵੇਰੇ ਖੇਤ ਮਾਲਕ ਇਕਬਾਲ ਸਿੰਘ ਦੇ ਸੂਚਨਾ ਦੇਣ 'ਤੇ ਜ਼ੀਰਕਪੁਰ ਥਾਣਾ ਪੁਲਿਸ ਸਮੇਤ ਸੀ.ਆਈ.ਏ. ਸਟਾਫ਼ ਮੋਹਾਲੀ ਦੇ ਇੰਚਾਰਜ ਸਤਵੰਤ ਸਿੰਘ ਸਿੱਧੂ, ਡੀ.ਐਸ.ਪੀ. ਡੇਰਾਬੱਸੀ ਗੁਰਬਖਸ਼ੀਸ ਸਿੰਘ ਅਤੇ ਫ਼ੋਰੈਂਸਿਕ ਟੀਮ ਤੋਂ ਇਲਾਵਾ ਕਈ ਉੱਚ ਪੁਲਿਸ ਅਧਿਕਾਰੀ ਮੌਕੇ ਪੁੱਜੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਫਿਲਹਾਲ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁਧ ਹਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।  

ਖੇਤਾਂ ਵਿਚ ਮੌਜੂਦ ਲੋਕਾਂ ਨੇ ਦਸਿਆ ਕਿ ਇਕ ਰਾਤ ਪਹਿਲਾਂ ਅਜੇ ਦੀ ਨਾਲ ਲਗਦੀ ਇਕ ਮੋਟਰ 'ਤੇ ਰਹਿੰਦੇ ਅਸ਼ੋਕ ਕੁਮਾਰ ਪਰਵਾਸੀ ਮਜ਼ਦੂਰ ਨਾਲ ਝਗੜਾ ਹੋਇਆ ਸੀ। ਡੇਰੀ ਫ਼ਾਰਮ ਮਾਲਕ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਝਗੜੇ ਮੌਕੇ ਪਰਵਾਸੀ ਮਜ਼ਦੂਰ ਨੇ ਅਜੇ ਨੂੰ ਚਿਤਾਵਨੀ ਵੀ ਦਿਤੀ ਸੀ। ਥਾਣਾ ਮੁਖੀ ਗੁਰਚਰਨ ਸਿੰਘ ਨੇ ਦਸਿਆ ਕਿ ਦੋ ਖੇਤ ਮਜ਼ਦੂਰਾਂ ਦੀ ਹਤਿਆ ਡੰਡਿਆਂ ਅਤੇ ਇੱਟਾਂ ਨਾਲ ਕੀਤੀ ਗਈ ਹੈ। ਇਸ ਸਬੰਧੀ ਸੀ.ਆਈ.ਏ. ਅਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਮ੍ਰਿਤਕ ਫ਼ਜਲੂਦੀਨ ਦੇ ਬੜੇ ਬੇਟੇ ਰਾਜੇਸ਼ ਖਾਨ ਦੇ ਬਿਆਨ 'ਤੇ ਅਣਪਛਾਤੇ ਹਮਲਾਵਰਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ ਅਤੇ ਫਜਲੂਦੀਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਹੈ ਤੇ ਮ੍ਰਿਤਕ ਅਜੇ ਦੇ ਬਿਹਾਰ ਰਹਿੰਦੇ ਵਾਰਸਾਂ ਨੂੰ ਘਟਨਾ ਸਬੰਧੀ ਜਾਣਕਾਰੀ ਦੇ ਦਿਤੀ ਗਈ ਹੈ ਜਿਨ੍ਹਾਂ ਦੇ ਪਹੁੰਚਣ 'ਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਗੁਆਂਢ ਦੇ ਖੇਤਾਂ 'ਚ ਰਹਿ ਰਹੇ ਇਕ ਪਰਵਾਸੀ ਮਜ਼ਦੂਰ ਜਿਸ ਨਾਲ ਅਜੇ ਦਾ ਕਥਿਤ ਤੌਰ 'ਤੇ ਝਗੜਾ ਹੋਇਆ ਸੀ, ਨੂੰ ਪੁਛਗਿਛ ਲਈ ਥਾਣੇ ਲਿਆਂਦਾ ਹੈ।  

ਪੁਲਿਸ ਨੂੰ ਘਟਨਾ ਦੀ ਜਾਣਕਾਰੀ 7 ਵਜੇ ਮਿਲੀ 9 ਵਜੇ ਤਕ ਘਟਨਾ ਸਥਾਨ 'ਤੇ ਸਾਰੇ ਉੱਚ ਅਧਿਕਾਰੀ ਪਹੁੰਚ ਗਏ ਸਨ ਪਰ ਇਸ ਦੌਰਾਨ ਡੇਢ ਘੰਟੇ ਲਈ ਪਈ ਤੇਜ਼ ਬਰਸਾਤ ਨੇ ਪੁਲਿਸ ਕਾਰਵਾਈ ਵਿਚ ਵਿਘਨ ਪਾਇਆ ਅਤੇ ਪੁਲਿਸ ਕਰਮਚਾਰੀਆਂ ਨੂੰ ਲਾਸ਼ਾਂ ਚੁਕਵਾ ਕੇ ਡੰਗਰਾਂ ਲਈ ਬਣਾਏ ਸ਼ੈੱਡ ਅਤੇ ਇਕ ਹੋਰ ਕਿਸਾਨ ਦੀ ਮੋਟਰ ਕੋਲ ਬਣੇ ਸ਼ੈਡ ਦੇ ਹੇਠ ਰਖਵਾਉਣੀਆਂ ਪਈਆਂ। ਹਾਲਾਂਕਿ ਮੀਂਹ ਪੈਣ ਤੋਂ ਪਹਿਲਾਂ ਹੀ ਫੋਰੈਂਸਿਕ ਟੀਮ ਨੇ ਸਾਰੇ ਸੈਂਪਲ ਇਕੱਤਰ ਕਰ ਕੇ ਘਟਨਾ ਵਿਚ ਇਸਤੇਮਾਲ ਕੀਤੀ ਗਈ ਖ਼ੂਨ ਨਾਲ ਲਿਬੜੀ ਇੱਟ ਅਤੇ ਡੰਡੇ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਸੀ।