ਕਰੋਨਾ ਨੇ ਵਧਾਈ ਚਿੰਤਾ : ਪੰਜਾਬ ਸਿਵਲ ਸਕੱਤਰੇਤ ਅੰਦਰ ਆਮ ਲੋਕਾਂ ਦੀ ਐਂਟਰੀ ਹੋਈ ਬੰਦ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਮਕਸਦ ਨਾਲ ਲਿਆ ਗਿਆ ਫ਼ੈਸਲਾ

Punjab Civil Secretariat

ਚੰਡੀਗੜ੍ਹ : ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਕਈ ਉੱਚ ਅਧਿਕਾਰੀ ਕਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਇਸ ਨਾਲ ਸਰਕਾਰੀ ਦਫ਼ਤਰਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਅੰਦਰ ਘਬਰਾਹਟ ਪਾਈ ਜਾ ਰਹੀ ਹੈ। ਹੁਣ ਦਫ਼ਤਰਾਂ ਅੰਦਰ ਆਮ ਜਨਤਾ ਦੇ ਦਾਖ਼ਲੇ ਸਬੰਧੀ ਸਾਵਧਾਨੀ ਵਰਤਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਇਸੇ ਤਹਿਤ ਪੰਜਾਬ ਸਕੱਤਰੇਤ-1 ਤੇ 2 'ਚ ਆਮ ਲੋਕਾਂ ਦੇ ਦਾਖ਼ਲੇ 'ਤੇ ਰੋਕ ਲਗਾ ਦਿਤੀ ਗਈ ਹੈ।

ਇਸ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਸਥਿਤੀ ਸਮੇਂ ਵਧੀਕ ਸਕੱਤਰ ਜਨਰਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਜ਼ਰੂਰੀ ਡਾਕ ਆਦਿ ਨੂੰ ਸਵਾਗਤੀ ਕਾਊਂਟਰਾਂ 'ਤੇ ਤਾਇਨਾਤ ਕਰਮਚਾਰੀਆਂ ਦੇ ਸਪੁਰਦ ਕਰਨ ਲਈ ਕਿਹਾ ਗਿਆ ਹੈ।

ਇਹ ਹੁਕਮ ਜਨਰਲ ਪ੍ਰਸ਼ਾਸਨ ਵਾਲੋਂ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ, ਦਿਹਾਤੀ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਸ਼ੁੱਕਰਵਾਰ ਨੂੰ ਕੋਵਿਡ-19 ਨਾਲ ਪੌਜ਼ੇਟਿਵ ਟੈਸਟ ਕੀਤੇ ਗਏ। ਉਹ ਵੀਰਵਾਰ ਨੂੰ ਵਿਭਾਗ ਦੀ ਇਕ ਮੀਟਿੰਗ ਵਿਚ ਮੌਜੂਦ ਸੀ, ਜਿਸ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਵੀ ਸ਼ਿਰਕਤ ਕੀਤੀ ਸੀ।

ਹੁਣ ਇਸ ਤੋਂ ਬਾਅਦ ਤ੍ਰਿਪਤ ਬਾਜਵਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਸਾਰੇ ਅਧਿਕਾਰੀ ਕੁਆਰੰਟੀਨ ਹੋ ਗਏ ਹਨ ਤੇ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਕਾਬਲੇਗੌਰ ਹੈ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਉੱਚ ਅਧਿਕਾਰੀਆਂ ਦੇ ਕਰੋਨਾ ਲਾਗ ਤੋਂ ਪੀੜਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਪੰਜਾਬ ਅੰਦਰ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਅੰਦਰ ਬਾਹਰੋਂ ਆਉਣ ਵਾਲੇ ਵਾਹਨਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਹੁਣ ਕਈ ਉੱਚ ਅਧਿਕਾਰੀਆਂ ਤਕ ਕਰੋਨਾ ਦੀ ਲਾਗ ਪਹੁੰਚਣ ਤੋਂ ਬਾਅਦ ਸੋਸ਼ਲ ਡਿਸਟੈਸਿੰਗ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਇਨ-ਬਿਨ ਪਾਲਣਾ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ। ਇਸ ਸਬੰਧੀ ਆਉਂਦੇ ਦਿਨਾਂ ਦੌਰਾਨ ਹੋਰ ਕਦਮ ਚੁੱਕੇ ਜਾਣ ਦੇ ਅਸਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।