ਕਰਜ਼ਾ ਲੈ ਕੇ ਪਤਨੀ ਨੂੰ ਭੇਜਿਆ ਸੀ Canada, ਮਿਲਿਆ ਧੋਖਾ, ਦੁਖੀ ਹੋ ਕੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਦਾ ਜਵਾਨ ਪੁੱਤ ਵੀ ਗਿਆ ਅਤੇ ਕਰਜ਼ਾ ਵੀ ਨਾ ਲੱਥਾ

Debt-ridden wife was sent to Canada, found cheating, sad boy commits suicide

ਬਰਨਾਲਾ ( ਲਖਵੀਰ ਚੀਮਾ) ਪੰਜਾਬ ਦੇ ਨੌਜਵਾਨਾਂ 'ਚ ਵਲੈਤ ਜਾਣ ਦੀ ਅਜਿਹੀ ਦੌੜ ਚੱਲ ਰਹੀ ਹੈ ਕਿ ਹਰ ਕੋਈ ਆਪਣਾ ਘਰ-ਬਾਰ, ਜ਼ਮੀਨਾਂ ਤੱਕ ਵੇਚ ਕੇ ਵਿਦੇਸ਼ ਜਾਣ ਲਈ ਤਿਆਰ ਹੈ। ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਵਿਦੇਸ਼ ਪਹੁੰਚਣ ਦਾ ਸੌਖਾ ਤਰੀਕਾ ਕਈ ਨੌਜਵਾਨਾਂ ਲਈ ਮੌਤ ਦਾ ਸੌਦਾ ਬਣ ਜਾਂਦਾ ਹੈ।  ਅਜਿਹਾ ਹੀ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਅਧੀਨ ਪੈਂਦੇ ਕੋਠੇ ਗੋਬਿੰਦਪੁਰਾ ਤੋਂ ਸਾਹਮਣੇ ਆਇਆ ਹੈ। ਜਿਥੇ 24 ਸਾਲਾ ਲਵਪ੍ਰੀਤ ਸਿੰਘ ਨੇ ਵਿਦੇਸ਼ ਜਾਣ ਦੀ ਚਾਹ ਪੂਰੀ ਨਾ ਹੁੰਦਿਆਂ ਵੇਖ ਮੌਤ ਨੂੰ ਗੱਲ੍ਹ ਲਾ ਲਿਆ।

ਦਰਅਸਲ, ਲਵਪ੍ਰੀਤ ਦਾ 2 ਸਾਲ ਪਹਿਲਾਂ ਬੇਅੰਤ ਕੌਰ ਨਾਲ ਵਿਆਹ ਹੋਇਆ ਸੀ। ਆਈਲੈਟਸ ਪਾਸ ਬੇਅੰਤ ਨੂੰ ਕੈਨੇਡਾ ਭੇਜਣ ਲਈ ਲਵਪ੍ਰੀਤ ਦੇ ਪਰਿਵਾਰ ਨੇ ਜ਼ਮੀਨ ਗਹਿਣੇ ਰੱਖ ਕੇ 24 ਲੱਖ ਦਾ ਕਰਜ਼ਾ ਲਿਆ ਸੀ। ਕੈਨੇਡਾ ਪਹੁੰਚ ਕੇ ਬੇਅੰਤ ਕੌਰ ਦੇ ਰੰਗ-ਢੰਗ ਬਦਲ ਗਏ ਅਤੇ ਉਸ ਨੇ ਲਵਪ੍ਰੀਤ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਲਵਪ੍ਰੀਤ ਦੇ ਵੱਟਸਐਪ ਮੈਸੇਜ਼ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿੰਨੀ ਪ੍ਰੇਸ਼ਾਨੀ 'ਚ ਸੀ।

ਉਸ ਦਿਨ 'ਚ ਕਈ ਵਾਰ ਫ਼ੋਨ ਕਰਦਾ ਸੀ ਅਤੇ ਮੈਸੇਜ਼ ਭੇਜ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਸੀ। ਵੱਟਸਐਪ ਮੈਸੇਜ਼ ਤੋਂ ਪਤਾ ਲੱਗਿਆ ਕਿ ਬੇਅੰਤ ਦੀ ਕੈਨੇਡਾ 'ਚ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਚੱਲ ਰਹੀ ਹੈ। ਇਸੇ ਕਾਰਨ ਉਹ ਲਵਪ੍ਰੀਤ ਨੂੰ ਆਪਣੇ ਕੋਲ ਨਹੀਂ ਬੁਲਾ ਰਹੀ ਸੀ। ਪਤਨੀ ਵੱਲੋਂ ਮਿਲੇ ਧੋਖੇ ਨੇ ਲਵਪ੍ਰੀਤ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਅਤੇ ਉਸ ਨੂੰ ਖੁਦਕੁਸ਼ੀ ਤੋਂ ਇਲਾਵਾ ਕੋਈ ਹੋਰ ਰਾਹ ਨਾਲ ਲੱਭਿਆ।

ਆਪਣੇ ਪੁੱਤ ਨੂੰ ਗੁਆਉਣ ਮਗਰੋਂ ਪਰਿਵਾਰ ਸਦਮੇ 'ਚ ਹੈ।  ਪਰਿਵਾਰ ਦੇ ਹੰਝੂ ਰੁਕਣ ਦਾ ਨਾਂਅ ਨਹੀਂ ਲੈ ਰਹੇ। ਪਿਛਲੇ ਇਕ ਸਾਲ ਤੋਂ ਲਵਪ੍ਰੀਤ ਪ੍ਰੇਸ਼ਾਨ ਸੀ। ਉਸ ਨੇ ਆਪਣੀ ਪ੍ਰੇਸ਼ਾਨੀ ਕਦੇ ਪਰਿਵਾਰ ਨਾਲ ਵੀ ਸਾਂਝੀ ਨਾ ਕੀਤੀ।  ਪਰਿਵਾਰ ਨੂੰ ਵੱਟਸਐਪ ਚੈਟ ਵੇਖਣ ਮਗਰੋਂ ਹੀ ਖੁਦਕੁਸ਼ੀ ਦਾ ਕਾਰਨ ਪਤਾ ਲੱਗਿਆ।  ਇਸ ਸਬੰਧੀ ਗੱਲਬਾਤ ਕਰਦਿਆਂ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ, ਚਾਚਾ ਹਿੰਦੀ ਸਿੰਘ ਅਤੇ ਭੈਣ ਰਾਜਵੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਲਵਪ੍ਰੀਤ ਸਿੰਘ ਦਾ ਵਿਆਹ ਬੇਅੰਤ ਕੌਰ ਨਾਲ ਹੋਇਆ ਸੀ। ਬੇਅੰਤ ਕੌਰ ਨੂੰ ਕੈਨੇਡਾ ਭੇਜਣ ਲਈ ਉਹਨਾਂ ਵੱਲੋਂ ਹੁਣ ਤੱਕ 24 ਲੱਖ ਰੁਪਇਆ ਖ਼ਰਚ ਕੀਤਾ ਗਿਆ।

ਜਿੰਨਾਂ ਸਮਾਂ ਪਰਿਵਾਰ ਵੱਲੋਂ ਬੇਅੰਤ ਦੀਆ ਫ਼ੀਸਾਂ ਭਰੀਆਂ ਜਾਂਦੀਆਂ ਰਹੀਆਂ, ਉਨਾਂ ਸਮਾਂ ਬੇਅੰਤ ਉਹਨਾਂ ਦੇ ਲੜਕੇ ਅਤੇ ਪਰਿਵਾਰ ਨਾਲ ਗੱਲ ਕਰਦੀ ਰਹੀ। ਪਰ ਬਾਅਦ ਵਿੱਚ ਉਸਨੇ ਲਵਪ੍ਰੀਤ ਨਾਲ ਗੱਲ ਕਰਨੀ ਬੰਦ ਕਰ ਦਿੱਤੀ। 2020 ਦੇ ਨਵੰਬਰ ਮਹੀਨੇ ਤੋਂ ਇਸੇ ਕਾਰਨ ਲਵਪ੍ਰੀਤ ਡਿਪਰੈਂਸ਼ਨ ਵਿੱਚ ਰਹਿੰਦਾ ਸੀ। ਪਹਿਲਾਂ ਤਾਂ ਪਰਿਵਾਰ ਨੂੰ ਲਵਪ੍ਰੀਤ ਦੀ ਮੌਤ ਦੇ ਕਾਰਨ ਦਾ ਕੁੱਝ ਪਤਾ ਨਹੀਂ ਲੱਗਿਆ ਸੀ, ਪਰ ਬਾਅਦ ਵਿੱਚ ਲਵਪ੍ਰੀਤ ਦੇ ਫ਼ੋਨ ਵਿੱਚ ਬੇਅੰਤ ਨਾਂਲ ਹੋਈ ਚੈਟ ਤੋਂ ਪਤਾ ਲੱਗਿਆ ਹੈ ਕਿ ਡਿਪਰੈਂਸਨ ਵਿੱਚ ਆ ਕੇ ਉਹਨਾਂ ਦੇ ਲੜਕੇ ਨੇ ਖ਼ੁਦਕੁਸ਼ੀ ਕਰ ਲਈ।

ਉਹਨਾਂ ਦੱਸਿਆ ਕਿ ਜ਼ਮੀਨ ਗਹਿਣੇ ਰੱਖ ਕੇ ਕਰਜ਼ਾ ਚੁੱਕ ਕੇ ਬੇਅੰਤ ਨੂੰ ਵਿਦੇਸ਼ ਭੇਜਿਆ ਸੀ। ਹੁਣ ਤੱਕ ਇੱਕ ਰੁਪਇਆ ਵੀ ਬੇਅੰਤ ਜਾਂ ਉਸਦੇ ਪਰਿਵਾਰਲ ਨੇ ਨਹੀਂ ਦਿੱਤਾ। ਹੁਣ ਉਹਨਾਂ ਦਾ ਪੁੱਤ ਵੀ ਗਿਆ ਅਤੇ ਪਰਿਵਾਰ ਵੀ ਕਰਜ਼ਈ ਹੋ ਗਿਆ। ਵਿਆਹ ਤੋਂ ਬਾਅਦ ਜਾ ਕੇ ਬੇਅੰਤ ਇੱਕ ਵਾਰ ਵੀ ਉਹਨਾਂ ਕੋਲ ਨਹੀਂ ਆਈ। ਉਹਨਾਂ ਕਿਹਾ ਕਿ ਲਵਪ੍ਰੀਤ ਦੀ ਮੌਤ ਲਈ ਸਿੱਧੇ ਤੌਰ ਤੇ ਉਸਦੀ ਪਤਨੀ ਬੇਅੰਤ ਜਿੰਮੇਵਾਰ ਹੈ। ਜਿਸ ਕਰਕੇ ਉਹ ਭਾਰਤ ਅਤੇ ਕੈਨੇਡਾ ਸਰਕਾਰ ਤੋਂ ਬੇਅੰਤ ਨੂੰ ਡਿਪੋਰਟ ਕਰਨ ਦੀ ਮੰਗ ਕਰਦੇ ਹਨ ਅਤੇ ਉਸਦਾ ਪਰਿਵਾਰ ਉਹਨਾਂ ਦਾ ਬੇਅੰਤ ਨੂੰ ਕੈਨੇਡਾ ਭੇਜਣ ਲਈ ਚੁੱਕਿਆ ਗਿਆ ਕਰਜ਼ਾ ਮੋੜੇ।

 ਇਹ ਵੀ ਪੜ੍ਹੋ:  ਪੰਡਤ ਰਾਉ ਨੇ ਮੂਸੇਵਾਲਾ ਤੇ ਸਬ ਇੰਸਪੈਕਟਰ ਹਰਸ਼ਜੋਤ ਕੌਰ ਵਿਰੁਧ ਖੋਲ੍ਹਿਆ ਮੋਰਚਾ

ਥਾਣਾ ਧਨੌਲਾ ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਲਵਪ੍ਰੀਤ ਦਾ ਪਰਿਵਾਰ ਉਨ੍ਹਾਂ ਨੂੰ ਮਿਲਿਆ ਜ਼ਰੂਰ ਹੈ, ਪਰ ਅਜੇ ਤਕ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਜੇ ਕੋਈ ਸ਼ਿਕਾਇਤ ਮਿਲੇਗੀ ਤਾਂ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਆਪਣੇ ਜਿਗਰ ਦੇ ਟੁਕੜੇ ਨੂੰ ਗੁਆਉਣ ਦਾ ਦਰਦ ਮਾਪੇ ਸਾਰੀ ਉਮਰ ਨਹੀਂ ਭੁੱਲ ਸਕਣਗੇ ਪਰ ਉਸ ਦੀ ਮੌਤ ਲਈ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਕਾਰਵਾਈ ਕਰਕੇ ਕੁੱਝ ਹੱਦ ਤਕ ਜ਼ਖ਼ਮਾਂ 'ਤੇ ਮੱਲ੍ਹਮ ਜ਼ਰੂਰ ਲਗਾਈ ਜਾ ਸਕਦੀ ਹੈ।