ਭੂੰਦੜ ਖਿਲਾਫ ਸ਼ਿਕਾਇਤ ਦਰਜ
ਮੁਹਾਲੀ ਦੇ ਥਾਣਾ ਸੁਹਾਣਾ ਵਿੱਚ ਪੰਥਕ ਆਗੂ ਗੁਰਸੇਵ ਸਿੰਘ ਹਰਪਾਲਪੁਰ ਨੇ ਸ਼ਿਕਾਇਤ ਕਰਵਾਈ ਦਰਜ
ਮਿਤੀ 9/9/18 'ਅਬੋਹਰ ਵਿਚ ਅਕਾਲੀ ਦਲ ਦੀ ਰੈਲੀ ਵਿਚ ਬੋਲਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਕਹਿਕੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਬਿਠਾਉਣ ਦੀ ਕੋਝੀ ਕੋਸ਼ਿਸ਼ ਕੀਤੀ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ।
'ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਵਰਕਿੰਗ ਕਮੇਟੀ ਮੈਂਬਰ ਰਹੇ ਅਤੇ ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਕਰੀਬੀ ਸਾਥੀਆਂ 'ਚ ਸ਼ਾਮਲ ਰਹੇ ਸਰਦਾਰ ਗੁਰਸੇਵ ਸਿੰਘ ਹਰਪਾਲਪੁਰ ਨੇ ਇਹਨਾਂ ਸ਼ਬਦਾਂ ਨਾਲ ਮੋਹਾਲੀ ਦੇ ਸੋਹਾਣਾ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਆਪਣੀ ਸ਼ਿਕਾਇਤ ਚ ਹਵਾਲਾ ਦਿੱਤਾ :-
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ||
ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ||
ਉਹਨਾਂ ਅਗੇ ਕਿਹਾ ਕਿ ਇਹ ਤੁਕਾਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਣ ਸਤਿਕਾਰ ਵਿਚ ਉਚਾਰੀਆਂ ਜਾਂਦੀਆਂ ਹਨ। ਇਸ ਸ਼ਬਦ ਦਾ ਗਾਇਨ ਸ਼੍ਰੀ ਹਰਿਮੰਦਰ ਸਾਹਿਬ ਵਿਚ ਰਾਗੀ ਜੱਥਿਆਂ ਵੱਲੋਂ ਗੁਰੂ ਜੀ ਦੇ ਉਚਾਰਣ ਵਿਚ ਕੀਤਾ ਜਾਂਦਾ ਹੈ। ਇਸ ਮਾਮਲੇ ਦੇ ਵਿਰੋਧ ਵਿਚ ਇਸ ਸ਼ਬਦ ਦੀ ਵਰਤੋਂ ਕਿਸੇ ਵਿਅਕਤੀ ਵਿਸ਼ੇਸ਼ ਲਈ ਕਰਨਾ ਸਿੱਖ ਮਾਨਸਿਕਤਾ ਨੂੰ ਦੁੱਖ ਪਹੁੰਚਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਇਸ ਤੋਂ ਪਹਿਲਾਂ ਸਰਸੇ ਵਾਲੇ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਬਾਣਾ ਪਾਕੇ ਗੁਰੂ ਜੀ ਦੀ ਬਰਾਬਰੀ ਕਰਨ ਦੀ ਹਿਮਾਕਤ ਕੀਤੀ ਸੀ
ਹੁਣ ਬਿਲਕੁਲ ਉਸੀ ਤਰਾਂ ਬਲਵਿੰਦਰ ਸਿੰਘ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਦੀ ਹਾਜ਼ਰੀ ਵਿਚ ਉਸ ਦੀ ਵਡਿਆਈ ਗੁਰੂ ਗੋਬਿੰਦ ਸਿੰਘ ਜੀ ਲਈ ਵਰਤੇ ਜਾਂਦੇ ਸਤਿਕਾਰ ਤੇ ਸ਼ਰਧਾ ਵਾਲੇ ਸ਼ਬਦ ਬਾਦਸ਼ਾਹ ਦਰਵੇਸ਼ ਨਾਲ ਕਰਕੇ ਸਿੱਖ ਮਾਨਸਿਕਤਾ ਨੂੰ ਭਾਰੀ ਠੇਸ ਪਹੁੰਚਾਈ ਹੈ। ਗੁਰਸੇਵ ਸਿੰਘ ਹਰਪਾਲ ਨੇ ਇਸ ਸ਼ਿਕਾਇਤ ਪੱਤਰ ਵਿਚ ਲਿਖਿਆ ਹੈ ਕਿ ਇਹ ਸ਼ਬਦ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਉਸਤਤ ਵਿਚ ਜਾਣ ਬੁਝ ਕਿ ਬੁਲਵਾਏ ਹਨ, ਤਾਂ ਜੋ ਸਿੱਖ ਕੌਮ ਦੀ ਜ਼ਮੀਰ ਨੂੰ ਬਿਲਕੁਲ ਹੀ ਮਾਰ ਮੁਕਾ ਦਿੱਤਾ ਜਾਵੇ।
ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਮੈਂ ਇਕ ਅਮ੍ਰਿਤਧਾਰੀ ਸਿੱਖ ਹਾਂ ਅਤੇ ਇਹ ਦੇਖ ਉਨ੍ਹਾਂ ਨੇ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਵੀ ਕਹੀ ਹੈ। ਇਸ ਲਈ ਬਲਵਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਮਾਰਨ ਅਤੇ ਭੜਕਾਉਣ ਦੇ ਦੋਸ਼ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।