ਓਵਰਟੇਕ ਨੂੰ ਲੈ ਕੇ ਅੱਧੀ ਰਾਤ ਨੂੰ ਹੱਥੋਪਾਈ ਹੋਏ ਨੌਜਵਾਨ, ਚੱਲੀਆਂ ਗੋਲੀਆਂ
ਝਗੜੇ ਦੌਰਾਨ ਇਕ ਨੌਜਵਾਨ ਦੀ ਹੋਈ ਮੌਤ
ਜ਼ੀਕਰਪੁਰ: ਬੀਤੀ ਰਾਤ ਜ਼ੀਕਰਪੁਰ ਦੀ ਵੀਆਈਪੀ ਰੋਡ 'ਤੇ ਕਾਰ ਓਵਰਟੇਕ ਨੂੰ ਲੈ ਕੇ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ। ਇਹ ਝਗੜਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਫੌਰਚੂਨਰ ਸਵਾਰ ਦੋ ਨੌਜਵਾਨਾਂ ਨੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਇਹ ਘਟਨਾ ਬੀਤੀ ਰਾਤ ਡੇਢ ਵਜੇ ਦੇ ਕਰੀਬ ਵਾਪਰੀ। ਮ੍ਰਿਤਕ ਨੌਜਵਾਨ ਦੀ ਪਛਾਣ ਅਨਿਲ ਕੁਮਾਰ (35) ਦੱਸੀ ਜਾ ਰਹੀ ਹੈ। ਮ੍ਰਿਤਕ ਅਪਣੇ ਪਿੱਛੇ ਪਤਨੀ ਅਤੇ 10 ਮਹੀਨੇ ਦਾ ਲੜਕਾ ਛੱਡ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਨਿਲ ਕੁਮਾਰ ਲਿਫ਼ਟਾਂ ਠੀਕ ਕਰਨ ਦਾ ਕੰਮ ਕਰਦਾ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਕੁਝ ਨੌਜਵਾਨ ਗੱਡੀ 'ਤੇ ਸਵਾਰ ਹੋ ਕੇ ਵੀਵੀਆਈਪੀ ਰੋਡ 'ਤੇ ਜਾ ਰਹੇ ਸਨ। ਫੌਰਚੂਨਰ ਗੱਡੀ ਵਿਚ ਸਵਾਰ ਨੌਜਵਾਨਾਂ ਦੀ ਇਕ ਹੋਰ ਗੱਡੀ ਵਿਚ ਜਾ ਰਹੇ ਦੋ ਨੌਜਵਾਨਾਂ ਨਾਲ ਓਵਰਟੇਕ ਨੂੰ ਲੈ ਕੇ ਬਹਿਸ ਹੋ ਗਈ। ਫੌਰਚੂਨਰ ਸਵਾਰ ਨੌਜਵਾਨਾਂ ਨੇ ਗੁੱਸੇ ਵਿਚ ਆ ਕੇ ਤਿੰਨ ਫਾਇਰ ਕੀਤੇ, ਜਿਸ ਵਿਚੋਂ ਦੋ ਗੋਲੀਆਂ ਅਨਿਲ ਕੁਮਾਰ ਦੇ ਜਾ ਲੱਗੀਆਂ।
ਅਨਿਲ ਕੁਮਾਰ ਨੂੰ ਜ਼ਖਮੀ ਹਾਲਤ ਵਿਚ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਦਾਮ ਦੇਣ ਤੋਂ ਬਾਅਦ ਫੌਰਚੂਨਰ ਸਵਾਰ ਨੌਜਵਾਨ ਫਰਾਰ ਹੋ ਗਏ। ਡੀਐਸਪੀ ਡੇਰਾਬਸੀ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।