ਅਵਤਾਰ ਸਿੰਘ ਹਿੱਤ ਨੇ ਫੇਰਿਆ ਬਾਦਲਾਂ ਦੀਆਂ ਭੁੱਲਾਂ 'ਤੇ ਪੋਚਾ
ਭਾਵੇਂ ਕਿ ਬਾਦਲ ਪਰਵਾਰ ਅਤੇ ਅਕਾਲੀ ਆਗੂਆਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਕਰਵਾ ਕੇ ਅਪਣੇ ਕਾਰਜਕਾਲ ਵੇਲੇ ਹੋਈਆਂ ਭੁੱਲਾਂ ...
ਅੰਮ੍ਰਿਤਸਰ (ਭਾਸ਼ਾ) : ਭਾਵੇਂ ਕਿ ਬਾਦਲ ਪਰਵਾਰ ਅਤੇ ਅਕਾਲੀ ਆਗੂਆਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਕਰਵਾ ਕੇ ਅਪਣੇ ਕਾਰਜਕਾਲ ਵੇਲੇ ਹੋਈਆਂ ਭੁੱਲਾਂ ਚੁੱਕਾਂ ਦੀ ਖ਼ਿਮਾ ਯਾਚਨਾ ਕੀਤੀ ਗਈ ਹੈ, ਪਰ ਅਵਤਾਰ ਸਿੰਘ ਹਿੱਤ ਪ੍ਰਧਾਨ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਕਹਿਣਾ ਹੈ ਕਿ ਅਕਾਲੀ ਦਲ ਕੋਲੋਂ ਗ਼ਲਤੀ ਨਹੀਂ ਹੋਈ। ਜਿਹੜੀਆਂ ਗੱਲਾਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਵਿਰੁਧ ਉਠੀ ਰਹੀਆਂ ਹਨ, ਉਨ੍ਹਾਂ ਵਿਚ ਕੋਈ ਤੱਤ ਨਹੀਂ ਸੀ।
ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ ਭੁੱਲਾਂ ਚੁੱਕਾਂ ਦੀ ਮੁਆਫ਼ੀ ਜ਼ਰੂਰ ਮੰਗੀ ਹੈ ਪਰ ਇਸ ਗੱਲ ਕਿਤੇ ਨਹੀਂ ਆਈ ਕਿ ਵਾਕਈ ਅਕਾਲੀ ਦਲ ਵਲੋਂ ਕੋਈ ਗ਼ਲਤੀ ਹੋਈ ਹੋਵੇ। ਬਰਗਾੜੀ ਮੋਰਚੇ ਬਾਰੇ ਬੋਲਦਿਆਂ ਅਵਤਾਰ ਸਿੰਘ ਹਿਤ ਨੇ ਆਖਿਆ ਕਿ ਇਹ ਮੋਰਚਾ ਬੇਵਜ੍ਹਾ ਲਗਾਇਆ ਹੋਇਆ ਸੀ ਅਤੇ ਜੋ ਹੁਣ ਚੁੱਕ ਲਿਆ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਕਾਲੀ ਦਲ ਵਲੋਂ ਕੀਤੀ ਗਈ ਅਰਦਾਸ ਕਬੂਲ ਹੋਈ ਹੈ।
ਦਸ ਦਈਏ ਕਿ ਪਿਛਲੇ ਤਿੰਨ ਦਿਨਾਂ ਤੋਂ ਅਕਾਲੀਆਂ ਵਲੋਂ ਭੁੱਲ ਬਖ਼ਸਾਉੁਣ ਦਾ ਮਾਮਲਾ ਗਰਮਾਇਆ ਹੋਇਐ। ਅਵਤਾਰ ਸਿੰਘ ਹਿੱਤ ਨੇ ਵੀ ਮੁਆਫ਼ੀ ਦਾ ਜ਼ਿਕਰ ਤਾਂ ਕੀਤਾ ਪਰ ਭੁੱਲਾਂ ਦੇ ਨਾਂ 'ਤੇ ਉਹ ਵੀ ਪੋਚਾ ਫੇਰਦੇ ਨਜ਼ਰ ਆਏ। ਖ਼ੈਰ, ਪੱਤਰਕਾਰਾਂ ਵਲੋਂ ਵਾਰ-ਵਾਰ ਪੁੱਛੇ ਜਾਣ 'ਤੇ ਹਾਲੇ ਤਕ ਇਸ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ ਕਿ ਬਾਦਲ ਆਖ਼ਰ ਕਿਸ ਗੁਨਾਹ ਦੀ ਭੁੱਲ ਬਖ਼ਸ਼ਾਉਣ ਆਏ ਸਨ?