ਬਾਬਾ ਨਾਨਕ ਨਾਲ ਸਬੰਧਤ ਪਿੰਡ ਪੱਠੇਵਿੰਡਪੁਰ ਬਾਰੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਦੋਵੇਂ ਚੁੱਪ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਲ 2019 ਵਿਚ ਆ ਰਹੇ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਬੇਸ਼ਕ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ......

Gurdwara Sahib

ਤਰਨਤਾਰਨ : ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਲ 2019 ਵਿਚ ਆ ਰਹੇ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਬੇਸ਼ਕ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਸੱਚਾਈ ਜੋ ਹਾਲਤ ਬਿਆਨ ਕਰ ਰਹੀ ਹੈ ਉਹ ਬਿਆਨੇ ਜਾ ਰਹੇ ਤੱਥਾਂ ਤੋਂ ਕੋਹਾਂ ਦੂਰ ਹਨ। ਡੇਰਾ ਬਾਬਾ ਨਾਨਕ ਦੇ ਗੁਰੂ ਘਰ ਦੀ ਕਾਰ ਸੇਵਾ ਜਾਰੀ ਹੈ ਜਿਸ ਦੇ ਨੇੜ ਭਵਿੱਖ ਵਿਚ ਪੂਰਾ ਹੋਣ ਦੀਆਂ ਸੰਭਾਵਨਾਵਾਂ ਨਾਂਹ ਦੇ ਬਰਾਬਰ ਹਨ। ਇਸੇ ਤਰ੍ਹਾਂ ਨਾਲ ਗੁਰਦਵਾਰਾ ਗੁਰੂ ਡਾਂਗਮਾਰ ਸਾਹਿਬ ਸਿਕਮ, ਗੁਰਦਵਾਰਾ ਗਿਆਨੀ ਗੋਦੜੀ ਹਰਿਦੁਆਰ ਆਦਿ ਪੰਥ ਦੀ ਪਹੁੰਚ ਤੋਂ ਦੂਰ ਹਨ। 

ਸਪੋਕਸਮੈਨ ਟੀਵੀ ਨੇ ਅੱਜ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਡੇਰਾ ਸਾਹਿਬ ਜਿਸ ਦਾ ਪੁਰਾਣਾ ਨਾਮ ਪੱਠੇਵਿੰਡਪੁਰ ਹੈ, ਦਾ ਦੌਰਾ ਕੀਤਾ ਤਾਂ ਕਈ ਨਵੇਂ ਤੱਥ ਸਾਹਮਣੇ ਆਏ। ਜਿਨ੍ਹਾਂ ਨੇ 550 ਸਾਲਾ ਸਮਾਗਮਾਂ ਦੀ ਸੱਚਾਈ ਵੀ ਸਾਹਮਣੇ ਲਿਆਂਦੀ।   ਪ੍ਰਾਪਤ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਕਰੀਬ 45 ਕਿਲੋਮੀਟਰ ਅਤੇ ਤਰਨਤਾਰਨ ਤੋਂ ਕਰੀਬ 24 ਕਿਲੋਮੀਟਰ ਦੂਰੀ 'ਤੇ ਸਥਿਤ ਇਹ ਅਣਗੋਲਿਆਂ ਪਿੰਡ ਪਠੇਵਿੰਡ ਦਰਅਸਲ ਸ੍ਰੀ ਗੁਰੂ ਨਾਨਕ ਸਾਹਿਬ ਦਾ ਜੱਦੀ ਨਗਰ ਹੈ। ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਦਾ ਜਨਮ ਇਸੇ ਪਿੰਡ ਵਿਚ ਹੋਇਆ ਦਸਿਆ ਜਾਂਦਾ ਹੈ। 

ਗੁਰਦਵਾਰਾ ਡੇਰਾ ਸਾਹਿਬ ਦੀ ਸੇਵਾ ਸੰਭਾਲ ਕਰਦੇ ਗ੍ਰੰਥੀ ਭਾਈ ਸ਼ਮਸੇਰ ਸਿੰਘ ਨੇ ਦਸਿਆ ਕਿ ਕਿਸੇ ਸਮੇਂ ਇਹ ਘੁਗ ਵਸਦਾ ਨਗਰ ਸੀ। ਮਹਿਤਾ ਕਾਲੂ ਜੀ ਅਤੇ ਉਨ੍ਹਾਂ ਦੇ ਭਰਾ ਭਾਵ ਗੁਰੂ ਸਾਹਿਬ ਦੇ ਚਾਚਾ ਮਹਿਤਾ ਲਾਲੂ ਜੀ ਦਾ ਜਨਮ ਇਸੇ ਨਗਰ ਵਿਚ ਹੀ ਹੋਇਆ। ਇਥੋਂ ਹੀ ਵਿਦਿਆ ਪੜ੍ਹ ਕੇ ਮਹਿਤਾ ਕਾਲੂ ਜੀ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਹੁਣ ਸ੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਵਿਖੇ ਜਾ ਕੇ ਪਟਵਾਰੀ ਦੀ ਨੌਕਰੀ ਕਰਨ ਲੱਗੇ ਤੇ ਮੁੜ ਇਹ ਪਰਵਾਰ ਉਥੇ ਹੀ ਵਸ ਗਿਆ।

ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਦੀਆਂ ਜ਼ਮੀਨਾਂ ਇਸੇ ਹੀ ਪਿੰਡ ਵਿਚ ਸਨ ਜਦ ਗੁਰੂ ਸਾਹਿਬ ਜਵਾਨੀ ਦੀ ਅਵਸਥਾ ਵਿਚ ਇਸ ਨਗਰ ਆਏ ਤਾਂ ਇਥੇ ਰਹਿੰਦੇ ਬੇਦੀਆਂ ਨੇ ਗੁਰੂ ਸਾਹਿਬ ਨਾਲ ਮਾੜਾ ਸਲੂਕ ਕੀਤਾ। ਕੁੱਝ ਸਮੇਂ ਬਾਅਦ ਇਹ ਨਗਰ ਥੇਹ ਵਿਚ ਤਬਦੀਲ ਹੋਇਆ। ਮੁੜ ਇਸ ਨਗਰ ਨੂੰ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਬਾਦ ਕੀਤਾ।

ਇਸ ਨਗਰ ਵਿਚ 550 ਸਾਲਾ ਸਮਾਗਮਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦਾ ਹੁਣ ਤਕ ਕੋਈ ਉਪਰਾਲਾ ਨਹੀਂ ਹੈ। ਜਦਕਿ ਕਾਰ ਸੇਵਾ ਵਾਲੇ ਬਾਬਾ ਲੱਖਾ ਸਿੰਘ ਅਪਣੇ ਵਲੋਂ ਜ਼ਰੂਰ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਦਸਿਆ ਕਿ 3 ਨਵੰਬਰ 2019 ਨੂੰ ਇਥੇ ਇਕ ਵੱਡਾ ਸਮਾਗਮ ਕੀਤਾ ਜਾਵੇਗਾ। ਨਗਰ ਨਿਵਾਸੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਉਪਰਾਲਿਆਂ ਦੀ ਉਡੀਕ ਕਰ ਰਹੇ ਹਨ।